ਸੈਂਸੈਕਸ ਨੇ ਤੋੜੇ ਸਾਰੇ ਰਿਕਾਰਡ! ਪਹਿਲੀ ਵਾਰ 80000 ਤੋਂ ਪਾਰ, ਨਿਫਟੀ ਵੀ ਰਿਕਾਰਡ ਉਚਾਈ 'ਤੇ ਪੁੱਜਾ

Wednesday, Jul 03, 2024 - 06:20 PM (IST)

ਮੁੰਬਈ,  ਮਜ਼ਬੂਤ ​​ਗਲੋਬਲ ਸੰਕੇਤਾਂ ਦਰਮਿਆਨ ਘਰੇਲੂ ਬੈਂਕਾਂ ਅਤੇ ਰੋਜਾਨਾ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਬਣਾਉਣ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਜ਼ਬਰਦਸਤ ਖਰੀਦਦਾਰੀ ਕਾਰਨ ਬੁੱਧਵਾਰ ਨੂੰ ਸੰਸੈਕਸ ਕਾਰੋਬਾਰ ਦੌਰਾਨ ਪਹਿਲੀ ਵਾਰ 80,000 ਦੇ ਇਤਿਹਾਸਕ ਅੰਕੜੇ 'ਤੇ ਪਹੁੰਚਣ ਤੋਂ ਬਾਅਦ ਸੈਂਸੈਕਸ ਥੋੜ੍ਹਾ ਹੇਠਾਂ ਬੰਦ ਹੋਇਆ। ਨਿਫਟੀ ਵੀ 162 ਅੰਕਾਂ ਦੇ ਵਾਧੇ ਨਾਲ ਆਪਣੇ ਸਭ ਤੋਂ ਉੱਚ ਪੱਧਰ 'ਤੇ ਪਹੁੰਚ ਗਿਆ। ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੰਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ ਪਹਿਲੀ ਵਾਰ ਇਤਿਹਾਸਕ 80,000 ਦੇ ਅੰਕੜੇ ਨੂੰ ਪਾਰ ਕਰ ਗਿਆ। ਕਾਰੋਬਾਰ ਦੇ ਅੰਤ 'ਚ ਇਹ 545.35 ਅੰਕ ਜਾਂ 0.69 ਫੀਸਦੀ ਵਧ ਕੇ 79,986.80 'ਤੇ ਬੰਦ ਹੋਇਆ। ਇਕ ਸਮੇਂ ਇਹ 632.85 ਅੰਕਾਂ ਦੀ ਛਾਲ ਨਾਲ 80,074.30 ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਸੀ। ਇਸ ਤਰ੍ਹਾਂ ਸੰਸੈਕਸ ਨੇ ਪਿਛਲੇ ਕੁਝ ਦਿਨਾਂ ਦਾ ਰਿਕਾਰਡ ਤੋੜ ਪ੍ਰਦਰਸ਼ਨ ਜਾਰੀ ਰੱਖਿਆ ਹੈ। ਸੰਸੈਕਸ ਨੇ ਪਹਿਲੀ ਵਾਰ 25 ਜੂਨ ਨੂੰ 78,000 ਅਤੇ 27 ਜੂਨ ਨੂੰ 79,000 ਦੇ ਪੱਧਰ ਨੂੰ ਪਾਰ ਕੀਤਾ ਸੀ।
ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 162.65 ਅੰਕ ਜਾਂ 0.67 ਫੀਸਦੀ ਦੇ ਵਾਧੇ ਨਾਲ 24,286.50 ਦੇ ਸਭ ਤੋਂ ਉੱਚ ਪੱਧਰ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 183.4 ਅੰਕ ਵਧ ਕੇ 24,307.25 ਦੇ ਨਵੇਂ ਸਿਖਰ 'ਤੇ ਪਹੁੰਚ ਗਿਆ ਸੀ। ਇੰਡੈਕਸ ਸੂਚੀ 'ਚ ਸ਼ਾਮਲ ਕੰਪਨੀਆਂ 'ਚ ਅਡਾਨੀ ਪੋਰਟਸ 'ਚ ਸਭ ਤੋਂ ਜ਼ਿਆਦਾ 2.49 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਕੋਟਕ ਮਹਿੰਦਰਾ ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਐਕਸਿਸ ਬੈਂਕ, ਇੰਡਸਇੰਡ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਪਾਵਰ ਗਰਿੱਡ, ਜੇ. ਐੱਸ. ਡਬਲਯੂ. ਸਟੀਲ, ਬਜਾਜ ਫਾਈਨਾਂਸ ਅਤੇ ਟਾਟਾ ਸਟੀਲ ਦੇ ਸ਼ੇਅਰਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ।
ਦੂਜੇ ਪਾਸੇ ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਈਟਨ, ਰਿਲਾਇੰਸ ਇੰਡਸਟਰੀਜ਼, ਟਾਟਾ ਮੋਟਰਜ਼ ਅਤੇ ਲਾਰਸਨ ਐਂਡ ਟੂਬਰੋ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਜਿਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, "ਭਾਰਤੀ ਬਾਜ਼ਾਰ 'ਚ ਚਾਰੇ ਪਾਸੇ ਉਛਾਲ ਦੇਖਣ ਨੂੰ ਮਿਲਿਆ। ਇਸ 'ਚ ਵਿੱਤੀ ਮਾਮਲਿਆਂ ਨਾਲ ਜੁੜੀਆਂ ਵੱਡੀਆਂ ਕੰਪਨੀਆਂ ਨੇ ਖਾਸ ਭੂਮਿਕਾ ਨਿਭਾਈ। ਵਿਸ਼ਵ ਪੱਧਰ 'ਤੇ ਅਮਰੀਕੀ ਫੈਡਰਲ ਰਿਜ਼ਰਵ ਮੁਖੀ ਦੀ 2025 ਤਕ ਮੁਦਰਾਸਿਫਤੀ 2 ਫੀਸਦ ਤਕ ਆ ਜਾਣ ਦੀ ਟਿੱਪਣੀ ਨੇ ਸਕਾਰਾਤਮਕ ਪ੍ਰਭਾਵ ਪੈਦਾ ਕੀਤਾ ਹੈ।' ਬੀਐਸਈ ਦਾ ਮਿਡਕੈਪ ਇੰਡੈਕਸ 0.86 ਫੀਸਦੀ ਵਧਿਆ ਹੈ। ਸਮਾਲਕੈਪ ਇੰਡੈਕਸ ਵੀ 0.86 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਸੈਕਟਰ-ਵਾਰ  ਇੰਡੈਕਸ ਵਿੱਚ, ਬੈਂਕਿੰਗ ਹਿੱਸੇ ਵਿੱਚ 1.75 ਪ੍ਰਤੀਸ਼ਤ ਅਤੇ ਵਿੱਤੀ ਸੇਵਾਵਾਂ ਦੇ ਹਿੱਸੇ ਵਿੱਚ 1.55 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਦੂਰਸੰਚਾਰ ਖੇਤਰ 'ਚ ਵੀ 1.44 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਰੇਲੀਗੇਰ ਬ੍ਰੋਕਿੰਗ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਰਿਸਰਚ) ਅਜੀਤ ਮਿਸ਼ਰਾ ਨੇ ਕਿਹਾ, "ਸਕਾਰਾਤਮਕ ਸੰਕੇਤਾਂ 'ਤੇ ਬਾਜ਼ਾਰ ਅੱਧੇ ਫੀਸਦੀ ਤੋਂ ਜ਼ਿਆਦਾ ਵਧਿਆ। ਗਲੋਬਲ ਬਾਜ਼ਾਰਾਂ ਦੇ ਉਤਸ਼ਾਹ ਦੇ ਨਾਲ ਬੈਂਕ ਸ਼ੇਅਰਾਂ ਵਿੱਚ ਮਜ਼ਬੂਤੀ ਨਾਲ ਬਾਜ਼ਾਰ ਨੇ ਮਜ਼ਬੂਤ ​​ਸ਼ੁਰੂਆਤ ਕੀਤੀ ਅਤੇ ਦਿਨ ਦੇ ਅੰਤ ਤੱਕ ਇਸਨੂੰ ਬਰਕਰਾਰ ਰੱਖਿਆ।' ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੀ ਅਤੇ ਹਾਂਗਕਾਂਗ ਦਾ ਹੈਂਗਸੇਂਗ ਵਾਧੇ ਦੇ ਨਾਲ ਬੰਦ ਹੋਇਆ, ਜਦੋਂ ਕਿ ਚੀਨ ਦੇ ਸ਼ੰਘਾਈ ਕੰਪੋਜ਼ਿਟ 'ਚ ਨੁਕਸਾਨ ਦੇਖਿਆ ਗਿਆ। 
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ 2,000.12 ਕਰੋੜ ਰੁਪਏ ਦੇ ਸ਼ੇਅਰ ਵੇਚੇ। ਮੰਗਲਵਾਰ ਨੂੰ ਅਸਥਿਰ ਵਪਾਰ ਵਿੱਚ, ਬੀਐਸਈ ਇੰਡੈਕਸ ਮਾਮੂਲੀ 34.74 ਅੰਕ ਡਿੱਗ ਕੇ 79,441.45 'ਤੇ ਅਤੇ ਨਿਫਟੀ 18.10 ਅੰਕ ਡਿੱਗ ਕੇ 24,123.85 'ਤੇ ਬੰਦ ਹੋਇਆ।


DILSHER

Content Editor

Related News