ਕੇਂਦਰ ਦੇ 36 ਮੰਤਰੀਆਂ ਨੂੰ ਕਸ਼ਮੀਰ ਭੇਜਣਾ ਘਬਰਾਹਟ ਦਾ ਸੰਕੇਤ : ਕਾਂਗਰਸ
Friday, Jan 17, 2020 - 12:50 AM (IST)

ਨਵੀਂ ਦਿੱਲੀ – ਕਾਂਗਰਸ ਨੇ ਕੇਂਦਰ ਦੇ 36 ਮੰਤਰੀਆਂ ਨੂੰ ਕਸ਼ਮੀਰ ਭੇਜਣ ਦੇ ਮੋਦੀ ਸਰਕਾਰ ਦੇ ਫੈਸਲੇ ਨੂੰ ਘਬਰਾਹਟ ਦਾ ਸੰਕੇਤ ਦਿੰਦੇ ਹੋਏ ਵੀਰਵਾਰ ਦਾਅਵਾ ਕੀਤਾ ਕਿ ਆਰਟੀਕਲ-370 ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਖਤਮ ਕਰਨਾ ਇਕ ਵੱਡੀ ਗਲਤੀ ਸੀ ਅਤੇ ਹੁਣ ਜੋ ਉਪਾਅ ਕੀਤੇ ਜਾ ਰਹੇ ਹਨ, ਉਹ ਕੰਮ ਨਹੀਂ ਆਉਣਗੇ।
ਪਾਰਟੀ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਟਵੀਟ ਕਰ ਕੇ ਕਿਹਾ ਕਿ ਆਉਂਦੇ 6 ਦਿਨਾਂ ਦੌਰਾਨ 36 ਕੇਂਦਰੀ ਮੰਤਰੀਆਂ ਨੂੰ ਜੰਮੂ-ਕਸ਼ਮੀਰ ਭੇਜਣਾ ਸਾਧਾਰਣ ਹਾਲਾਤ ਦਾ ਨਹੀਂ, ਸਗੋਂ ਘਬਰਾਹਟ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਕਸ਼ਮੀਰ ਵਿਚ ਭੇਜਿਆ ਜਾਣਾ ਚਾਹੀਦਾ ਹੈ ਜੋ ਉਥੋਂ ਦੇ ਹਾਲਾਤ ਨੂੰ ਸਮਝ ਸਕਣ।
ਦੱਸਣਯੋਗ ਹੈ ਕਿ 18 ਤੋਂ 25 ਜਨਵਰੀ ਤੱਕ 36 ਕੇਂਦਰੀ ਮੰਤਰੀ ਕਸ਼ਮੀਰ ਦੇ ਦੌਰੇ ’ਤੇ ਰਹਿਣਗੇ ਤਾਂ ਜੋ ਜੰਮੂ-ਕਸ਼ਮੀਰ ਲਈ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ।