ਜੁਮੇ ਦੀ ਨਮਾਜ਼ ਤੋਂ ਪਹਿਲਾਂ ਅਯੁੱਧਿਆ ਤੋਂ ਸੰਭਲ ਤੱਕ ਸੁਰੱਖਿਆ ਸਖ਼ਤ, ਅਲਰਟ ਮੋੜ ''ਤੇ ਪੁਲਸ

Friday, Dec 06, 2024 - 12:55 PM (IST)

ਸੰਭਲ- ਅੱਜ 6 ਦਸੰਬਰ ਹੈ। ਭਾਰਤੀ ਇਤਿਹਾਸ ਦੀ ਉਹ ਤਾਰੀਖ ਜਦੋਂ 1992 ਵਿੱਚ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉੱਤਰ ਪ੍ਰਦੇਸ਼ ਪੁਲਿਸ ਅਲਰਟ 'ਤੇ ਹੈ। ਅਯੁੱਧਿਆ, ਵਾਰਾਣਸੀ, ਮਥੁਰਾ, ਆਗਰਾ, ਸੰਭਲ, ਕਾਨਪੁਰ ਅਤੇ ਲਖਨਊ ਸਮੇਤ ਸੂਬੇ ਦੇ 26 ਜ਼ਿਲ੍ਹਿਆਂ 'ਚ ਪੁਲਸ ਟੀਮਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਅੱਜ ਸ਼ੁੱਕਰਵਾਰ ਹੈ ਅਤੇ ਬਾਬਰੀ ਢਾਹੇ ਦੀ 32ਵੀਂ ਬਰਸੀ ਵੀ ਹੈ। ਇਹੀ ਕਾਰਨ ਹੈ ਕਿ ਇੱਥੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

ਬਾਬਰੀ ਮਸਜਿਦ ਢਾਹੇ ਜਾਣ ਦੀ ਘਟਨਾ ਦੇ 32 ਸਾਲ ਪੂਰੇ ਹੋਣ ਅਤੇ ਜੁਮੇ ਦੀ ਨਮਾਜ਼ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸੰਭਲ 'ਚ ਭਾਰੀ ਸੁਰੱਖਿਆ ਵਿਵਸਥਾ ਕੀਤੀ ਗਈ। ਸ਼ਹਿਰ ਦੇ ਮੌਲਾਨਾ ਨੇ ਲੋਕਾਂ ਨੂੰ ਸਥਾਨਕ ਮਸਜਿਦਾਂ ਵਿਚ ਨਮਾਜ਼ ਅਦਾ ਕਰਨ ਅਤੇ ਖੇਤਰ ਵਿਚ ਸ਼ਾਂਤੀ ਬਣਾ ਕੇ ਰੱਖਣ ਵਿਚ ਸਹਿਯੋਗ ਦੀ ਅਪੀਲ ਕੀਤੀ। ਅਦਾਲਤ ਦੇ ਹੁਕਮ 'ਤੇ 24 ਨਵੰਬਰ ਨੂੰ ਸ਼ਹਿਰ ਦੇ ਕੋਟ ਗਰਵੀ ਇਲਾਕੇ ਵਿਚ ਮੁਗਲਕਾਲੀਨ ਸ਼ਾਹੀ ਜਾਮਾ ਮਸਜਿਦ ਦਾ ਸਰਵੇ ਕੀਤੇ ਜਾਣ ਮਗਰੋਂ ਸੰਭਲ ਵਿਚ ਹਿੰਸਾ ਭੜਕੀ ਸੀ। ਹਿੰਸਾ ਵਿਚ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ। ਜ਼ਿਲ੍ਹੇ ਵਿਚ ਉਦੋਂ ਤੋਂ ਸਥਿਤੀ ਤਣਾਅਪੂਰਨ ਹੈ।

ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ) ਤੋਂ ਪ੍ਰੇਰਿਤ ਕਾਰਸੇਵਕਾਂ ਨੇ 6 ਦਸੰਬਰ 1992 ਨੂੰ ਅਯੁੱਧਿਆ 'ਚ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀ। ਇਸ ਘਟਨਾ ਦੇ 32 ਸਾਲ ਪੂਰੇ ਹੋਣ 'ਤੇ ਪੁਲਸ ਨੇ ਸੰਭਲ 'ਚ ਫਲੈਗ ਮਾਰਚ ਕੱਢਿਆ ਅਤੇ ਸੁਰੱਖਿਆ ਦੇ ਇੰਤਜ਼ਾਮ ਵਧਾ ਦਿੱਤੇ ਗਏ। ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ (ਡੀ. ਆਈ. ਜੀ) ਮੁਨੀਰਾਜ ਜੀ, ਜ਼ਿਲ੍ਹਾ ਮੈਜਿਸਟਰੇਟ ਰਾਜੇਂਦਰ ਪੈਨਸੀਆ ਅਤੇ ਪੁਲਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਵੀਰਵਾਰ ਨੂੰ ਫਲੈਗ ਮਾਰਚ ਦੀ ਅਗਵਾਈ ਕੀਤੀ। ਮੁਨੀਰਾਜ ਨੇ ਵੀਰਵਾਰ ਰਾਤ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਪੂਰੀ ਡਿਵੀਜ਼ਨ ਵਿਚ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ, ਮੁੱਖ ਸਥਾਨਾਂ 'ਤੇ ਵੱਡੇ ਪੱਧਰ 'ਤੇ ਬੈਰੀਕੇਡ ਲਗਾਉਣ ਅਤੇ ਬਿਹਤਰ ਨਿਗਰਾਨੀ ਲਈ ਸੰਭਲ ਨੂੰ ਵੱਖ-ਵੱਖ ਸੈਕਟਰਾਂ 'ਚ ਵੰਡਣ ਸਮੇਤ ਸਾਵਧਾਨੀ ਦੇ ਉਪਾਅ ਕੀਤੇ ਗਏ ਹਨ।


Tanu

Content Editor

Related News