ਸੁਰੱਖਿਆ ਫੋਰਸਾਂ ਨੇ ਬੇਨਕਾਬ ਕੀਤਾ ਲਸ਼ਕਰ ਦਾ ਅੱਤਵਾਦੀ ਟਿਕਾਣਾ

Sunday, Jan 10, 2021 - 09:58 PM (IST)

ਸ਼੍ਰੀਨਗਰ/ਪੁੰਛ/ਮੇਂਢਰ (ਅਰੀਜ਼, ਧਨੁਜ, ਵਿਨੋਦ)- ਕਸ਼ਮੀਰ ਵਾਦੀ ਦੇ ਸੋਪੋਰ ਵਿਖੇ ਸੁਰੱਖਿਆ ਫੋਰਸਾਂ ਨੇ ਲਸ਼ਕਰ ਦੇ ਇਕ ਅੱਤਵਾਦੀ ਟਿਕਾਣੇ ਨੂੰ ਐਤਵਾਰ ਬੇਨਕਾਬ ਕਰ ਦਿੱਤਾ। ਇਥੋਂ ਇਕ ਏ. ਕੇ. 47 ਰਾਈਫਲ ਦੇ 26 ਜਿੰਦਾ ਕਾਰਤੂਸ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਮਿਲੀ। ਅੱਤਵਾਦੀਆਂ ਦੀ ਮਦਦ ਕਰਨ ਵਾਲੇ ਆਦਿਲ ਅਹਿਮਦ ਸ਼ਾਹ ਪੁੱਤਰ ਮੁਹੰਮਦ ਆਜ਼ਾਦ ਸ਼ਾਹ ਵਾਸੀ ਚੰਦਹਰਾ ਪੰਪੋਰ ਨੂੰ ਗ੍ਰਿਫਤਾਰ ਕੀਤਾ ਗਿਆ। ਸੂਤਰਾਂ ਮੁਤਾਬਕ ਲਗਭਗ 6 ਫੁੱਟ ਦੀ ਇਕ ਸੁਰੰਗ ਉਕਤ ਟਿਕਾਣੇ ਤੱਕ ਜਾਂਦੀ ਮਿਲੀ। 
ਓਧਰ ਪਾਕਿਸਤਾਨੀ ਫੌਜੀਆਂ ਨੇ ਐਤਵਾਰ ਬਾਅਦ ਦੁਪਹਿਰ 3 ਵਜੇ ਦੇ ਲਗਭਗ ਰਾਜੌਰੀ ਜ਼ਿਲੇ ਦੇ ਨੌਸ਼ਹਿਰਾ ਸੈਕਟਰ ਵਿਚ ਕੰਟਰੋਲ ਰੇਖਾ 'ਤੇ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ। ਨਾਲ ਹੀ ਮੋਰਟਾਰ ਦੇ ਗੋਲੇ ਵੀ ਦਾਗੇ। ਪਾਕਿਸਤਾਨੀ ਫੌਜ ਨੇ ਬਾਲਾਕੋਟ, ਦਿਗਵਾਰ ਅਤੇ ਕਿਰਨੀ ਸੈਕਟਰਾਂ ਵਿਚ ਵੀ ਗੋਲਾਬਾਰੀ ਕੀਤੀ। ਇਸੇ ਤਰ੍ਹਾਂ ਪਾਕਿਸਤਾਨੀ ਰੇਂਜਰਸ ਨੇ ਕਠੂਆ ਜ਼ਿਲੇ ਦੇ ਹੀਰਾਨਗਰ ਸੈਕਟਰ ਵਿਚ ਸਰਹੱਦ ਨੇੜੇ ਸਥਿਤ ਗੁਰਨਾਮ ਚੌਕੀ ਖੇਤਰ ਵਿਚ ਗੋਲੀਬਾਰੀ ਕੀਤੀ। 
ਦੂਜੇ ਪਾਸੇ ਪੁੰਛ ਜ਼ਿਲੇ ਦੇ ਮੇਂਢਰ ਸੈਕਟਰ ਵਿਚ ਇਕ ਮੋਟਰਸਾਈਕਲ ਵਿਚ ਲੱਗੇ 2.4 ਕਿਲੋ ਦੇ ਆਈ.ਈ.ਡੀ. ਨੂੰ ਸਮੇਂ ਸਿਰ ਪਤਾ ਲਾ ਕੇ ਜ਼ਾਇਆ ਕਰ ਦਿੱਤਾ ਗਿਆ। ਇਸ ਤਰ੍ਹਾਂ ਇਕ ਵੱਡਾ ਦੁਖਾਂਤ ਵਾਪਰਣੋਂ ਟਲ ਗਿਆ। ਪੁੰਛ ਦੇ ਸੀਨੀਅਰ ਪੁਲਸ ਕਪਤਾਨ ਰਮੇਸ਼ ਅੰਗਰਾਲ ਨੇ ਦੱਸਿਆ ਕਿ ਆਈ.ਈ.ਡੀ. ਨਾਲ ਲੈਸ ਮੋਟਰਸਾਈਕਲ ਇਕ ਪੁਲਸ ਪਾਰਟੀ ਨੂੰ ਗੋਹਲਦ ਰੀਲਨ-ਮੇਂਢਰ ਸੜਕ ਕੰਢੇ ਮਿਲਿਆ। ਉਨ੍ਹਾਂ ਕਿਹਾ ਕਿ ਕੋਈ ਸ਼ੱਕੀ ਅੱਤਵਾਦੀ ਆਈ.ਈ.ਡੀ. ਲੱਗਾ ਮੋਟਰਸਾਈਕਲ ਉਥੇ ਰੱਖ ਕੇ ਖੁਦ ਦੌੜ ਗਿਆ ਹੋਵੇਗਾ। 


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News