ਆਸਟ੍ਰੇਲੀਆ ਦੇ ਪੀ.ਐੱਮ. ਨੇ ਹਿੰਦੀ ''ਚ ਟਵੀਟ ਕਰਕੇ ਭਾਰਤੀਆਂ ਨੂੰ ਦਿੱਤੀ ਗਣਤੰਤਰ ਦਿਵਸ ਦੀ ਵਧਾਈ

Tuesday, Jan 26, 2021 - 06:26 PM (IST)

ਕੈਨਬਰਾ (ਬਿਊਰੋ): ਭਾਰਤ ਅੱਜ ਜਿੱਥੇ 26 ਜਨਵਰੀ (ਮੰਗਲਵਾਰ) ਨੂੰ ਗਣਤੰਤਰ ਦਿਵਸ ਮਨਾ ਰਿਹਾ ਹੈ ਉੱਥੇ ਅੱਜ ਆਸਟ੍ਰੇਲੀਆ ਦਿਵਸ ਵੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਭਾਰਤ ਨੂੰ ਗਣਤੰਤਰ ਦਿਵਸ ਮੌਕੇ ਵਧਾਈ ਦਿੰਦੇ ਹੋਏ ਇਸ ਮੌਕੇ ਨੂੰ ਅਦਭੁੱਤ ਸੰਜੋਗ ਦੱਸਿਆ। ਉਹਨਾਂ ਨੇ ਕਿਹਾ ਕਿ ਇਹ ਅਦਭੁੱਤ ਸੰਜੋਗ ਹੈ ਕਿ ਭਾਰਤ ਗਣਤੰਤਰ ਦਿਵਸ ਮਨਾ ਰਿਹਾ ਹੈ ਅਤੇ ਅਸੀਂ ਆਸਟ੍ਰੇਲੀਆ ਦਿਵਸ ਮਨਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਰਾਸ਼ਟਰੀ ਦਿਵਸ ਨਾਲੋਂ ਜ਼ਿਆਦਾ ਚੀਜ਼ਾਂ ਸਾਂਝੀਆਂ ਕਰਦੇ ਹਨ। ਮਤਲਬ ਅਸੀਂ ਇਕੋ ਜਿਹੇ ਆਦਰਸ਼ ਜਿਵੇਂ ਲੋਕਤੰਤਰ, ਆਜ਼ਾਦੀ, ਵਿਭਿੰਨਤਾ, ਉੱਦਮ ਅਤੇ ਮੌਕੇ ਸਾਂਝੇ ਕਰਦੇ ਹਾਂ। ਉਹਨਾਂ ਨੇ ਇਹ ਗੱਲ ਟਵਿੱਟਰ 'ਤੇ ਇਕ ਵੀਡੀਓ ਸੰਦੇਸ਼ ਵਿਚ ਕਹੀ।

 

ਮੌਰੀਸਨ ਨੇ ਕਿਹਾ ਕਿ ਸਾਡਾ ਇਤਿਹਾਸ ਲੰਬਾ ਹੈ ਅਤੇ ਸਾਡੇ ਵਿਚ ਕਈ ਸੰਬੰਧ ਹਨ। ਹਰੇਕ ਸਾਲ ਦੇ ਨਾਲ ਅਸੀਂ ਹੋਰ ਵੀ ਨੇੜੇ ਆਉਂਦੇ ਜਾ ਰਹੇ ਹਾਂ। ਗਲੋਬਲ ਮਹਾਮਾਰੀ ਨੇ ਸਾਨੂੰ ਵੰਡਿਆਂ ਨਹੀਂ ਹੈ ਸਗੋਂ ਅਸੀਂ ਇਹਨਾਂ ਸਾਂਝੇ ਆਦਰਸ਼ਾਂ ਦੇ ਹੋਰ ਨੇੜੇ ਆਏ ਹਾਂ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚੰਗਾ ਦੋਸਤ ਦੱਸਦਿਆਂ ਉਹਨਾਂ ਨੇ ਕਿਹਾ ਕਿ ਦੋਹਾਂ ਨੇ ਇਕ ਵਿਆਪਕ ਅਤੇ ਰਣਨੀਤਕ ਹਿੱਸੇਦਾਰੀ 'ਤੇ ਦਸਤਖ਼ਤ ਕੀਤੇ ਹਨ ਜੋ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਵਿਗਿਆਨਕ ਹਿੱਸੇਦਾਰੀ ਲਈ ਇਕ ਵੱਡਾ ਕਦਮ ਹੈ। ਇਹ ਇਕ-ਦੂਜੇ ਪ੍ਰਤੀ ਸਾਡੇ ਵਿਸ਼ਵਾਸ ਅਤੇ ਸਾਡੇ ਸਾਂਝੇ ਹਿੱਤਾਂ ਅਤੇ ਕਦਰਾਂ ਕੀਮਤਾਂ ਨੂੰ ਦਿਖਾਉਂਦਾ ਹੈ। ਅਸੀਂ ਲੋਕਾਂ ਨੂੰ, ਲੋਕਾਂ ਦੇ ਸੰਬੰਧਾਂ ਨੂੰ ਵਧਾਵਾ ਦਿੰਦੇ ਹਾਂ ਜੋ ਸਾਨੂੰ ਇਕ-ਦੂਜੇ ਦੇ ਨਾਲ ਬੰਨ੍ਹਦਾ ਹੈ।

PunjabKesari

ਪ੍ਰਧਾਨ ਮੰਤਰੀ ਮੌਰੀਸਨ ਨੇ ਅਖੀਰ ਵਿਚ ਭਾਰਤ ਨੂੰ ਆਸਟ੍ਰੇਲੀਆ ਦੇ ਸਭ ਤੋਂ ਚੰਗੇ ਦੋਸਤਾਂ ਵਿਚੋਂ ਇਕ ਦੱਸਿਆ। ਉਹਨਾਂ ਮੁਤਾਬਕ, ਦੋਵੇਂ ਦੇਸ਼ ਪਹਿਲਾਂ ਨਾਲੋਂ ਜ਼ਿਆਦਾ ਕਰੀਬ ਆ ਰਹੇ ਹਨ। ਅਸੀਂ ਅੱਜ ਆਸਟ੍ਰੇਲੀਆ ਦਿਵਸ ਮਨਾ ਰਹੇ ਹਾਂ, ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ 'ਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ। ਉਹਨਾਂ ਨੇ ਵੀਡੀਓ ਦਾ ਕੈਪਸ਼ਨ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਹਿੰਦੀ ਵਿਚ ਲਿਖਿਆ ਅਤੇ ਨਾਲ #dosti ਦਾ ਹੈਸ਼ਟੈਗ ਵੀ ਦਿੱਤਾ।

 

ਪੜ੍ਹੋ ਇਹ ਅਹਿਮ ਖਬਰ-  ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਨੇ ਭਾਰਤ ਨੂੰ ਗਣਤੰਤਰ ਦਿਵਸ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

ਆਸਟ੍ਰੇਲੀਆਈ ਵਿਦੇਸ਼ ਮੰਤਰੀ ਮੌਰਿਸ ਪਾਇਨੇ ਨੇ ਵੀ ਭਾਰਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਟਵੀਟ ਕੀਤਾ ਕਿ ਸਾਂਝੇ ਲੋਕਤੰਤਰੀ ਆਦਰਸ਼ਾਂ ਵੱਲੋਂ ਨਿਰਦੇਸ਼ਿਤ ਕੁਦਰਤੀ ਸਹਿਯੋਗੀ ਆਸਟ੍ਰੇਲੀਆ ਅੱਜ ਆਸਟ੍ਰੇਲੀਆ ਦਿਵਸ ਅਤੇ ਭਾਰਤ ਆਪਣਾ ਗਣਤੰਤਰ ਦਿਵਸ ਮਨਾ ਰਿਹਾ ਹੈ। ਭਾਰਤ ਦੇ ਲੋਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ। ਦੱਸ ਦਈਏ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਵੀ ਇਕ ਵੀਡੀਓ ਜਾਰੀ ਕਰ ਕੇ ਭਾਰਤ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News