ਭਲਕੇ ਬੰਦ ਰਹਿਣਗੇ ਸਕੂਲ-ਕਾਲਜ! CJP ਪ੍ਰਦਰਸ਼ਨ ਕਾਰਨ ਅਲਰਟ ਜਾਰੀ, ਜਾਣੋ ਹੋਰ ਕੀ ਕੁੱਝ ਰਹੇਗਾ ਬੰਦ

Friday, Oct 09, 2026 - 08:12 PM (IST)

ਭਲਕੇ ਬੰਦ ਰਹਿਣਗੇ ਸਕੂਲ-ਕਾਲਜ! CJP ਪ੍ਰਦਰਸ਼ਨ ਕਾਰਨ ਅਲਰਟ ਜਾਰੀ, ਜਾਣੋ ਹੋਰ ਕੀ ਕੁੱਝ ਰਹੇਗਾ ਬੰਦ

ਨਵੀਂ ਦਿੱਲੀ — ਕਾਕਰੋਚ ਜਨਤਾ ਪਾਰਟੀ ਵੱਲੋਂ 10 ਅਕਤੂਬਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਰਾਜਧਾਨੀ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਕਈ ਵੱਡੇ ਫੈਸਲੇ ਲਏ ਗਏ ਹਨ। ਦਿੱਲੀ ਪੁਲਸ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਦੇ ਬਾਵਜੂਦ CJP ਆਗੂ ਅਭਿਜੀਤ ਦੀਪਕੇ ਨੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਕਈ ਆਮ ਸਹੂਲਤਾਂ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਨਵੀਂ ਦਿੱਲੀ ਇਲਾਕੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਲਾਗੂ ਕਰ ਦਿੱਤੀ ਗਈ ਹੈ।

10 ਅਕਤੂਬਰ ਨੂੰ ਕੀ-ਕੀ ਰਹੇਗਾ ਬੰਦ ਅਤੇ ਪ੍ਰਭਾਵਿਤ?
 ਮੈਟਰੋ ਸੇਵਾਵਾਂ: ਦਿੱਲੀ ਪੁਲਸ ਦੀ ਬੇਨਤੀ 'ਤੇ ਡੀ.ਐਮ.ਆਰ.ਸੀ. ਨੇ 57 ਮੈਟਰੋ ਸਟੇਸ਼ਨਾਂ ਦੇ ਗੇਟ ਸ਼ੁੱਕਰਵਾਰ ਰਾਤ 9 ਵਜੇ ਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ ਰੈੱਡ ਲਾਈਨ ਦੇ 9, ਯੈਲੋ ਲਾਈਨ ਦੇ 20, ਬਲੂ ਲਾਈਨ ਦੇ 8, ਵਾਇਲੇਟ ਲਾਈਨ ਦੇ 7, ਪਿੰਕ ਲਾਈਨ ਦੇ 8, ਮੈਜੈਂਟਾ ਲਾਈਨ ਦੇ 4 ਅਤੇ ਸ਼ਿਵਾਜੀ ਸਟੇਡੀਅਮ ਸਟੇਸ਼ਨ ਸ਼ਾਮਲ ਹਨ।
 ਰੇਲ ਗੱਡੀਆਂ: ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ 'ਤੇ ਆਉਣ-ਜਾਣ ਵਾਲੀਆਂ 38 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
 ਬਾਜ਼ਾਰ ਅਤੇ ਦੁਕਾਨਾਂ: ਕਨਾਟ ਪਲੇਸ, ਭਾਗੀਰਥ ਪੈਲੇਸ ਅਤੇ ਚਾਂਦਨੀ ਚੌਂਕ ਦੇ ਵਪਾਰੀਆਂ ਨੇ 10 ਅਕਤੂਬਰ ਨੂੰ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਕਨਾਟ ਪਲੇਸ ਵਿੱਚ ਦਫ਼ਤਰਾਂ ਅਤੇ ਰੈਸਟੋਰੈਂਟਾਂ ਨੂੰ ਵੀ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ।
 ਇੰਟਰਨੈੱਟ ਸੇਵਾਵਾਂ ਬੰਦ: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਰਾਤ 10 ਵਜੇ ਤੋਂ ਜੰਤਰ-ਮੰਤਰ ਦੇ 4 ਕਿਲੋਮੀਟਰ ਦੇ ਘੇਰੇ ਵਿੱਚ ਟੈਲੀਕੌਮ ਕੰਪਨੀਆਂ ਨੂੰ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
 ਸ਼ਰਾਬ ਦੀਆਂ ਦੁਕਾਨਾਂ: ਪ੍ਰਦਰਸ਼ਨ ਦੇ ਮੱਦੇਨਜ਼ਰ 10 ਅਕਤੂਬਰ ਨੂੰ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ।
 ਸਕੂਲ, ਕਾਲਜ ਅਤੇ ਦਫ਼ਤਰ: ਵਿੱਦਿਅਕ ਅਦਾਰਿਆਂ ਵਿੱਚ ਆਨਲਾਈਨ ਕਲਾਸਾਂ ਲਗਾਉਣ ਅਤੇ ਕਾਲਜਾਂ ਵਿੱਚ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਿਰਦੇਸ਼ ਹਨ। ਨਿੱਜੀ ਦਫ਼ਤਰਾਂ ਨੂੰ 'ਵਰਕ ਫ੍ਰੌਮ ਹੋਮ' ਕਰਨ ਦੀ ਸਲਾਹ ਦਿੱਤੀ ਗਈ ਹੈ।

ਗਾਜ਼ੀਪੁਰ ਬਾਰਡਰ 'ਤੇ ਦਿੱਲੀ ਪੁਲਸ, ਉੱਤਰ ਪ੍ਰਦੇਸ਼ ਪੁਲਸ ਅਤੇ ਅਰਧ-ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਗੁਰੂਗ੍ਰਾਮ ਨਾਲ ਲੱਗਦੇ ਸਹਰੌਲ, ਪਾਲਮ ਵਿਹਾਰ, ਦੁਆਰਕਾ ਅਤੇ ਕਲੀਆਵਾਸ ਬਾਰਡਰ 'ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸੰਸਦ ਮਾਰਗ 'ਤੇ ਬੈਰੀਕੇਡਿੰਗ ਮਜ਼ਬੂਤ ਕੀਤੀ ਗਈ ਹੈ।

ਦਿੱਲੀ ਪੁਲਸ ਅਨੁਸਾਰ ਪ੍ਰਦਰਸ਼ਨ ਲਈ ਅਰਜ਼ੀ 7 ਅਕਤੂਬਰ ਨੂੰ ਮਿਲੀ ਸੀ, ਜਦਕਿ ਪ੍ਰੋਗਰਾਮ 10 ਅਕਤੂਬਰ ਲਈ ਪ੍ਰਸਤਾਵਿਤ ਸੀ। ਪੁਲਸ ਨੇ ਨਿਰਧਾਰਿਤ ਸਮੇਂ ਦੀ ਪਾਲਣਾ ਨਾ ਕਰਨ ਅਤੇ ਪਹਿਲਾਂ ਹੋਏ ਪ੍ਰਦਰਸ਼ਨਾਂ ਦੌਰਾਨ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਹੈ।


author

Inder Prajapati

Content Editor

Related News