ਜੇਲ ’ਚ ਬੰਦ ਇਕ ਅਮਰੀਕੀ ਤੇ 6 ਯੂਕ੍ਰੇਨੀ ਆਪਣੇ ਦੇਸ਼ ਜਾ ਸਕਣਗੇ, ਮਿਲੀ ਜ਼ਮਾਨਤ
Saturday, Sep 26, 2026 - 09:45 AM (IST)
ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਅਦਾਲਤ ਨੇ ਯੂਕ੍ਰੇਨ ਦੇ 6 ਅਤੇ ਅਮਰੀਕਾ ਦੇ ਇਕ ਨਾਗਰਿਕ ਨੂੰ ਆਪਣੇ ਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹ ਇਸ ਸਮੇ ਜੇਲ੍ਹ ’ਚ ਬੰਦ ਹਨ। ਉਨ੍ਹਾਂ ਨੂੰ ਇਸ ਸਾਲ ਮਾਰਚ ’ਚ ਐੱਨ. ਆਈ. ਏ. ਨੇ ਮਿਆਂਮਾਰ ਦੇ ਇਕ ਸਿਖਲਾਈ ਕੈਂਪ ’ਚ ਅੱਤਵਾਦੀਆਂ ਨੂੰ ਹਥਿਆਰਾਂ ਤੇ ਡਰੋਨ ਦੀ ਸਿਖਲਾਈ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਰਿਪੋਰਟਾਂ ਅਨੁਸਾਰ ਉਹ ਭਾਰਤ ਤੋਂ ਮਲੇਸ਼ੀਆ ਭੱਜਣ ਦੀ ਯੋਜਨਾ ਬਣਾ ਰਹੇ ਸਨ। ਪਹਿਲਾਂ ਉਨ੍ਹਾਂ ਨੂੰ ਕੋਲਕਾਤਾ, ਲਖਨਊ ਤੇ ਦਿੱਲੀ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਪਰਿਵਾਰਾਂ ਨੂੰ ਮਿਲਣ ਦਾ ਸੰਵਿਧਾਨਕ ਅਧਿਕਾਰ ਹੈ। ਉਨ੍ਹਾਂ ਨੂੰ ਜ਼ਮਾਨਤੀ ਬਾਂਡ ਭਰਨਾ ਹੋਵੇਗਾ ਤੇ ਭਾਰਤ ਵਾਪਸ ਆਉਣ ’ਤੇ ਅਦਾਲਤ ਨੂੰ ਸੂਚਿਤ ਕਰਨ ਪਵੇਗਾ।
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਅਮਰੀਕੀ ਦਬਾਅ ਕਾਰਨ ਅਮਰੀਕੀ ਨਾਗਰਿਕ ਵੈਨਡਾਈਕ ਨੂੰ ਰਾਹਤ ਦਿੱਤੀ ਗਈ ਹੈ। ਸਰਕਾਰ ਨੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ। ਕਾਂਗਰਸ ਨੇ ਪੁੱਛਿਆ ਕਿ ਇਨ੍ਹਾਂ ਨਾਗਰਿਕਾਂ ਨੇ ਭਾਰਤੀ ਵੀਜ਼ਾ ਕਿਵੇਂ ਹਾਸਲ ਕੀਤਾ ਤੇ ਉਹ ਭਾਰਤ ਰਾਹੀਂ ਮਿਆਂਮਾਰ ਕਿਵੇਂ ਪਹੁੰਚੇ ?
