ਨਵਰਾਤਰੀ ਨੂੰ ਲੈ ਕੇ MCD ਅਲਰਟ: ਮੰਦਰਾਂ ਦੇ ਨੇੜੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ
Wednesday, Oct 07, 2026 - 10:31 PM (IST)
ਨਵੀਂ ਦਿੱਲੀ : ਨਵਰਾਤਰੀ ਦੇ ਤਿਉਹਾਰ ਨੂੰ ਦੇਖਦਿਆਂ ਦਿੱਲੀ ਨਗਰ ਨਿਗਮ (MCD) ਨੇ ਸਖ਼ਤ ਕਦਮ ਚੁੱਕੇ ਹਨ। ਨਗਰ ਨਿਗਮ ਨੇ ਨਵਰਾਤਰੀ ਦੌਰਾਨ ਦਿੱਲੀ ਵਿੱਚ ਮੰਦਰਾਂ ਦੇ ਆਸ-ਪਾਸ ਮੀਟ ਦੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਦਿੱਲੀ ਦੇ ਸਮੁੱਚੇ ਰਾਮਲੀਲਾ ਮੈਦਾਨਾਂ ਅਤੇ ਪ੍ਰਮੁੱਖ ਪੂਜਾ ਸਥਾਨਾਂ 'ਤੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਨਗਰ ਨਿਗਮ ਦੀ ਸਥਾਈ ਕਮੇਟੀ ਦੀ ਚੇਅਰਪਰਸਨ ਸਤਿਆ ਸ਼ਰਮਾ ਨੇ ਐੱਮ.ਸੀ.ਡੀ. ਕਮਿਸ਼ਨਰ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ। ਇਹਨਾਂ ਨਿਰਦੇਸ਼ਾਂ ਤਹਿਤ ਸਮੂਹ ਜ਼ੋਨਲ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਸਥਿਤ ਮੰਦਰਾਂ ਅਤੇ ਰਾਮਲੀਲਾ ਸਥਾਨਾਂ ਦਾ ਨਿਰੀਖਣ ਕਰਨ ਲਈ ਕਿਹਾ ਗਿਆ ਹੈ।
ਅਧਿਕਾਰੀਆਂ ਨੂੰ ਰਾਮਲੀਲਾ ਮੈਦਾਨਾਂ, ਮੰਦਰਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਨਿਯਮਤ ਸਫ਼ਾਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਮਾਗਮ ਸਥਾਨਾਂ 'ਤੇ ਲੋੜੀਂਦੀ ਗਿਣਤੀ ਵਿੱਚ ਕੂੜੇਦਾਨ ਰੱਖਣ ਅਤੇ ਕਚਰੇ ਨੂੰ ਸਮੇਂ ਸਿਰ ਚੁੱਕਣ ਲਈ ਵੀ ਕਿਹਾ ਗਿਆ ਹੈ। ਨਿਗਮ ਚੇਅਰਪਰਸਨ ਅਨੁਸਾਰ ਤਿਉਹਾਰਾਂ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੁੰਦੇ ਹਨ, ਇਸ ਲਈ ਸਫ਼ਾਈ ਨੂੰ ਪਹਿਲੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਅਧਿਕਾਰੀਆਂ ਨੂੰ ਮੰਦਰਾਂ ਅਤੇ ਸਮਾਗਮ ਵਾਲੀਆਂ ਥਾਵਾਂ ਦੇ ਆਸ-ਪਾਸ ਮੱਛਰ ਪੈਦਾ ਹੋਣ ਤੋਂ ਰੋਕਣ ਲਈ ਲਾਰਵਾ-ਰੋਧੀ ਉਪਾਅ ਕਰਨ ਅਤੇ ਫੋਗਿੰਗ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਵਿਵਸਥਾਵਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ ਅਤੇ ਸਫ਼ਾਈ ਨਾਲ ਜੁੜੀ ਕਿਸੇ ਵੀ ਸਮੱਸਿਆ ਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ।
