ਅਗਲੇ 2 ਦਿਨ ਬੰਦ ਰਹਿਣਗੀਆਂ ਸ਼ਰਾਬ ਦੇ ਠੇਕੇ ! ਆਬਕਾਰੀ ਵਿਭਾਗ ਨੇ ਦਿੱਲੀ ''ਚ ਜਾਰੀ ਕੀਤਾ ਹੁਕਮ
Thursday, Oct 08, 2026 - 07:38 PM (IST)
ਨੈਸ਼ਨਲ ਡੈਸਕ : ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਨੇ ਵੀਰਵਾਰ ਨੂੰ ਇੱਕ ਹੁਕਮ ਜਾਰੀ ਕਰਦਿਆਂ ਐਲਾਨ ਕੀਤਾ ਹੈ ਕਿ ਰਾਜਧਾਨੀ ਦਿੱਲੀ ਵਿੱਚ 9 ਤੇ 10 ਅਕਤੂਬਰ ਨੂੰ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਵਿਭਾਗ ਅਨੁਸਾਰ ਦਿੱਲੀ ਦੀ ਮੌਜੂਦਾ ਸਥਿਤੀ ਤੇ ਦਿੱਲੀ ਪੁਲਸ ਤੋਂ ਮਿਲੇ ਇਨਪੁੱਟ ਦੇ ਆਧਾਰ 'ਤੇ ਜਨਤਕ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਇਹ ਸਾਵਧਾਨੀ ਕਦਮ ਚੁੱਕਿਆ ਗਿਆ ਹੈ।
ਆਬਕਾਰੀ ਵਿਭਾਗ ਦੇ ਹੁਕਮਾਂ ਅਨੁਸਾਰ L6, L6FG, L8, L10, L14 ਅਤੇ L8 & L14 ਲਾਇਸੈਂਸਾਂ ਤਹਿਤ ਚੱਲਣ ਵਾਲੀਆਂ ਸਾਰੀਆਂ ਰਿਟੇਲ (ਖੁਚਰ) ਸ਼ਰਾਬ ਦੀਆਂ ਦੁਕਾਨਾਂ 9 ਅਤੇ 10 ਅਕਤੂਬਰ ਨੂੰ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦਾ ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ, ਜਦੋਂ ਦਿੱਲੀ ਵਿੱਚ ਵਿਰੋਧੀ ਧਿਰਾਂ ਵੱਲੋਂ ਚੋਣ ਪ੍ਰਕਿਰਿਆ ਵਿੱਚ 'ਵੋਟ ਚੋਰੀ' ਦੇ ਦੋਸ਼ ਲਗਾਉਂਦੇ ਹੋਏ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। INDIA ਬਲਾਕ ਦੇ ਆਗੂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਸਮੇਤ ਕਈ ਸਾਂਸਦ ਦਿੱਲੀ ਵਿੱਚ ਵੱਖ-ਵੱਖ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਇਸ ਤੋਂ ਇਲਾਵਾ, 10 ਅਕਤੂਬਰ ਨੂੰ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਵੀ ਜੰਤਰ-ਮੰਤਰ 'ਤੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਹੈ, ਹਾਲਾਂਕਿ ਦਿੱਲੀ ਪੁਲਸ ਨੇ ਕਿਸੇ ਵੀ ਅਣਅਧਿਕਾਰਤ ਇਕੱਠ ਦੀ ਇਜਾਜ਼ਤ ਨਹੀਂ ਦਿੱਤੀ ਹੈ। ਰਾਜਧਾਨੀ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 20,000 ਤੋਂ ਵੱਧ ਪੁਲਸ ਅਤੇ ਅਰਧ-ਸੈਨਿਕ ਬਲਾਂ ਦੇ ਜਵਾਨ ਤੈਨਾਤ ਕੀਤੇ ਗਏ ਹਨ। ਆਬਕਾਰੀ ਵਿਭਾਗ ਦੇ ਹੁਕਮਾਂ ਵਿੱਚ ਕਿਸੇ ਖਾਸ ਪ੍ਰਦਰਸ਼ਨ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ ਹੈ, ਪਰ ਇਹ ਫੈਸਲਾ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਹੀ ਲਿਆ ਗਿਆ ਹੈ।
