1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਤੋਂ SC ਨੂੰ ਮੰਗਣੀ ਚਾਹੀਦੀ ਹੈ ਮੁਆਫੀ: HS ਫੂਲਕਾ
Sunday, Nov 03, 2024 - 03:37 PM (IST)
ਨਵੀਂ ਦਿੱਲੀ- 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਮੰਗ ਕੀਤੀ ਹੈ ਕਿ ਦਿੱਲੀ ’ਚ ਵਾਪਰੇ ਇਸ ਸਿੱਖ ਕਤਲੇਆਮ ਪ੍ਰਤੀ ਅੱਖਾਂ ਬੰਦ ਕਰਕੇ ਰੱਖਣ ਲਈ ਸੁਪਰੀਮ ਕੋਰਟ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਸਿੱਖ ਕਤਲੇਆਮ ਦੀ 40ਵੀਂ ਬਰਸੀ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੂਲਕਾ ਨੇ ਕਿਹਾ ਕਿ ਸੁਪਰੀਮ ਕੋਰਟ 33 ਸਾਲਾਂ ਮਗਰੋਂ ਹਰਕਤ ’ਚ ਆਈ, ਜਦੋਂ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦੇ ਹੁਕਮ ਦਿੱਤੇ, ਜਿਸ ਮਗਰੋਂ ਕਈ ਕੇਸ ਮੁੜ ਤੋਂ ਖੁੱਲ੍ਹੇ।
ਫੂਲਕਾ ਨੇ ਕਿਹਾ ਕਿ ਸਿੱਖ ਕਤਲੇਆਮ ਦੀ ਜਾਂਚ ਲਈ ਕਈ ਕਮਿਸ਼ਨ ਬਣਾਏ ਪਰ ਪੀੜਤ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ ਕਿਉਂਕਿ ਕਈ ਮੁਲਜ਼ਮਾਂ ਨੂੰ ਨਿਆਂ ਦੇ ਘੇਰੇ ਹੇਠ ਲਿਆਉਣਾ ਬਾਕੀ ਹੈ। ਦੱਸ ਦੇਈਏ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ, 1984 ਦੇ ਕਤਲ ਮਗਰੋਂ ਦਿੱਲੀ ’ਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਅਤੇ ਕਰੀਬ 3 ਹਜ਼ਾਰ ਲੋਕ ਇਸ ਭਿਆਨਕ ਕਤਲੇਆਮ ਵਿਚ ਮਾਰੇ ਗਏ ਸਨ। ਦਿੱਲੀ ਹਾਈ ਕੋਰਟ ਨੇ 17 ਦਸੰਬਰ, 2018 ਨੂੰ ਕਾਂਗਰਸ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੇ ਸਜ਼ਾ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ। ਦਿੱਲੀ ਦੀ ਅਦਾਲਤ ਨੇ 13 ਸਤੰਬਰ ਨੂੰ ਇਕ ਹੋਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਟਾਈਟਲਰ ’ਤੇ ਪੁਲ ਬੰਗਸ਼ ਇਲਾਕੇ ’ਚ ਤਿੰਨ ਸਿੱਖਾਂ ਦੇ ਕਤਲ ਲਈ ਭੀੜ ਨੂੰ ਭੜਕਾਉਣ ਦਾ ਦੋਸ਼ ਹੈ। ਟਾਈਟਲਰ ਨੇ ਦੋਸ਼ਾਂ ਨੂੰ ਦਿੱਲੀ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਉਸ ਦੀ ਪਟੀਸ਼ਨ ’ਤੇ 29 ਨਵੰਬਰ ਨੂੰ ਸੁਣਵਾਈ ਹੋਵੇਗੀ।
ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ 40 ਸਾਲਾਂ ਦੇ ਸਫ਼ਰ ਦੇ ਵੱਖ-ਵੱਖ ਪਹਿਲੂਆਂ 'ਤੇ 12 ਵੀਡੀਓਜ਼ ਜਾਰੀ ਕਰਦਿਆਂ ਫੂਲਕਾ ਨੇ ਇਸ ਨੂੰ "ਇਨਸਾਫ਼ ਦੀ ਇਕ ਅਣਥੱਕ ਖੋਜ" ਕਰਾਰ ਦਿੱਤਾ। ਇਹ ਵੀਡੀਓ ਸੀਰੀਜ਼ ਇਸ ਬਾਰੇ ਹੈ ਕਿ ਕਿਸ ਤਰ੍ਹਾਂ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਬਜਾਏ ਬਚਾਉਣ ਲਈ ਹਰ ਥਾਂ ਕੋਸ਼ਿਸ਼ ਕੀਤੀ ਗਈ। ਪੀੜਤਾਂ ਵੱਲੋਂ ਅੱਜ ਕੀਤੀ ਗਈ ਦੂਜੀ ਮੰਗ ਇਹ ਹੈ ਕਿ ਪੀੜਤਾਂ ਨੂੰ ਇਨਸਾਫ਼ ਦਿਵਾਉਣ ਵਿਚ ਨਿਆਂਪਾਲਿਕਾ ਦੀ ਨਾਕਾਮੀ ਲਈ ਸੁਪਰੀਮ ਕੋਰਟ ਮੁਆਫ਼ੀ ਮੰਗੇ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਹੁਣ ਤੱਕ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।