ਜਦੋਂ ਤੱਕ ਵੈਕਸੀਨ ਨਹੀਂ, ਉਦੋਂ ਤੱਕ ਮਾਸਕ ਹੀ ''ਵੈਕਸੀਨ'' : ਜੈਨ
Saturday, Oct 31, 2020 - 03:57 PM (IST)
ਨਵੀਂ ਦਿੱਲੀ— ਰਾਜਧਾਨੀ ਦਿੱਲੀ ਵਿਚ ਕੋਰੋਨਾ ਦੀ ਆਫ਼ਤ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਦਿੱਲੀ ਵਿਚ 5,000 ਨਵੇਂ ਕੇਸ ਸਾਹਮਣੇ ਆਏ। ਜਿਸ ਕਾਰਨ ਦਿੱਲੀ ਦੇ ਸਿਹਤ ਮੰਤਰੀ ਸੱਤਿਯੇਂਦਰ ਜੈਨ ਨੇ ਲੋਕਾਂ ਨੂੰ ਮਾਸਕ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਵੈਕਸੀਨ ਦੀ ਉਡੀਕ ਕਰ ਰਹੇ ਹਾਂ ਅਤੇ ਆਸ ਕਰਦੇ ਹਾਂ ਕਿ ਇਹ ਛੇਤੀ ਹੀ ਉਪਲੱਬਧ ਹੋਵੇਗੀ ਪਰ ਉਦੋਂ ਤੱਕ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਮਾਸਕ ਜ਼ਰੂਰ ਪਹਿਨੋ। ਮਾਸਕ ਨੂੰ ਆਪਣਾ ਟੀਕਾ ਸਮਝੋ। ਇਹ ਤੁਹਾਨੂੰ ਕੋਵਿਡ-19 ਯਾਨੀ ਕਿ ਕੋਰੋਨਾ ਮਹਾਮਾਰੀ ਦੇ ਨਾਲ-ਨਾਲ ਪ੍ਰਦੂਸ਼ਣ ਤੋਂ ਵੀ ਬਚਾਏਗਾ।
ਜੇਕਰ 100 ਫੀਸਦੀ ਤੱਕ ਲੋਕ ਮਾਸਕ ਲਾਉਣ ਤਾਂ ਕੋਰੋਨਾ ਤੋਂ ਬਚਾਅ ਰਹੇਗਾ। ਲੋਕ ਸੋਚਦੇ ਹਨ ਕਿ ਮੈਨੂੰ ਕੋਈ ਅਸਰ ਨਹੀਂ ਪਵੇਗਾ, ਹੋ ਸਕਦਾ ਹੈ ਕਿ ਤੁਹਾਡਾ ਇਮਿਊਨਿਟੀ ਸਿਸਟਮ ਵਧੀਆ ਹੋਵੇ। ਜੇਕਰ ਤੁਹਾਨੂੰ ਕੋਰੋਨਾ ਹੋ ਵੀ ਜਾਵੇ ਤਾਂ ਇਹ ਤੁਹਾਡੇ 'ਤੇ ਅਸਰ ਨਾ ਪਵੇ। ਪਰ ਤੁਹਾਡੀ ਵਜ੍ਹਾ ਨਾਲ ਤੁਹਾਡੇ ਮਾਪਿਆਂ ਅਤੇ ਬੱਚਿਆਂ ਨੂੰ ਕੋਰੋਨਾ ਹੋ ਸਕਦਾ ਹੈ ਅਤੇ ਉਨ੍ਹਾਂ ਲਈ ਖ਼ਤਰਨਾਕ ਵੀ ਹੋ ਸਕਦਾ ਹੈ। ਇਸ ਲਈ ਜਦੋਂ ਵੀ ਤੁਸੀਂ ਜਨਤਕ ਥਾਵਾਂ 'ਤੇ ਜਾਓ ਤਾਂ ਮਾਸਕ ਪਹਿਨੋ। ਇਕ ਮਾਸਕ ਲਾਉਣ ਨਾਲ ਤੁਹਾਨੂੰ ਦੋ ਫਾਇਦੇ ਮਿਲਣਗੇ, ਤੁਸੀਂ ਕੋਰੋਨਾ ਤੋਂ ਵੀ ਬਚੋਗੇ ਅਤੇ ਪ੍ਰਦੂਸ਼ਣ ਤੋਂ ਵੀ ਬਚਾਅ ਰਹੇਗਾ। ਆਸ ਹੈ ਕਿ ਦੋ-ਤਿੰਨ ਮਹੀਨੇ 'ਚ ਵੈਕਸੀਨ ਆਉਣ ਵਾਲੀ ਹੈ ਪਰ ਉਦੋਂ ਤੱਕ ਮਾਸਕ ਜ਼ਰੂਰ ਲਾਉ।
ਜੈਨ ਨੇ ਕਿਹਾ ਕਿ ਤਿਉਹਾਰੀ ਮੌਸਮ ਦੇ ਨਾਲ-ਨਾਲ ਦਿੱਲੀ 'ਚ ਠੰਡ ਵਧੀ ਹੈ। ਜਿਸ ਦਾ ਅਸਰ ਹੁਣ ਦਿਖਾਈ ਦੇ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਸਕ ਨਾ ਲਾਉਣ ਵਾਲਿਆਂ 'ਤੇ ਸਖਤੀ ਕੀਤੀ ਜਾਵੇਗੀ। ਅਜਿਹੇ ਲੋਕਾਂ ਦਾ ਚਾਲਾਨ ਕੀਤਾ ਜਾਵੇਗਾ। ਅਜੇ ਵਾਇਰਸ ਖਤਮ ਨਹੀਂ ਹੋਇਆ ਹੈ।