ਸਾਰਦਾ ਚਿਟ ਫੰਡ : ਰਾਜੀਵ ਕੁਮਾਰ ਨੂੰ ਸੁਪਰੀਮ ਕੋਰਟ ਵਲੋਂ ਝਟਕਾ, ਪਟੀਸ਼ਨ ਖਾਰਜ

Friday, May 24, 2019 - 01:50 PM (IST)

ਸਾਰਦਾ ਚਿਟ ਫੰਡ : ਰਾਜੀਵ ਕੁਮਾਰ ਨੂੰ ਸੁਪਰੀਮ ਕੋਰਟ ਵਲੋਂ ਝਟਕਾ, ਪਟੀਸ਼ਨ ਖਾਰਜ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਾਰਦਾ ਚਿਟ ਫੰਡ ਘਪਲੇ 'ਚ ਦੋਸ਼ੀ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨ 'ਚ ਰਾਜੀਵ ਨੇ ਸੀ.ਬੀ.ਆਈ. ਵਲੋਂ ਗ੍ਰਿ੍ਰਫਤਾਰੀ ਤੋਂ ਉਦੋਂ ਤੱਕ ਰੋਕ ਲਗਾਉਣ ਦੀ ਮੰਗ ਕੀਤੀ ਸੀ, ਜਦੋਂ ਤੱਕ ਕਿ ਪੱਛਮੀ ਬੰਗਾਲ ਕੋਰਟ 'ਚ ਉਸ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਨਹੀਂ ਆ ਜਾਂਦਾ। ਆਪਣੇ ਫੈਸਲੇ 'ਚ ਸੁਪਰੀਮ ਕੋਰਟ ਨੇ ਕਿਹਾ,''ਰਾਜੀਵ ਕੁਮਾਰ ਕੋਲਕਾਤਾ ਹਾਈ ਕੋਰਟ ਜਾਂ ਟ੍ਰਾਇਲ ਕੋਰਟ 'ਚ ਜਾ ਸਕਦੇ ਹਨ, ਕਿਉਂਕਿ ਉੱਥੇ ਕੰਮਕਾਰ ਜਾਰੀ ਹੈ। ਉੱਥੇ (ਪੱਛਮੀ ਬੰਗਾਲ ਦੀਆਂ ਅਦਾਲਤਾਂ 'ਚ) ਕੋਈ ਛੁੱਟੀ ਨਹੀਂ ਹੈ। ਉੱਥੇ ਉੱਚਿਤ ਉਪਾਅ ਦੀ ਤਲਾਸ਼ ਕਰਨ।''

ਇਸ ਤੋਂ ਪਹਿਲਾਂ ਮਾਮਲੇ 'ਤੇ ਵੀਰਵਾਰ ਨੂੰ ਸੁਣਵਾਈ ਹੋਈ ਸੀ, ਜਿਸ 'ਚ ਕੋਰਟ ਨੇ ਕੁਮਾਰ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਸੁਣਵਾਈ ਲਈ ਸ਼ੁੱਕਰਵਾਰ ਦਾ ਦਿਨ ਤੈਅ ਕੀਤਾ ਸੀ। ਸਾਬਕਾ ਪੁਲਸ ਕਮਿਸ਼ਨਰ ਨੂੰ 17 ਮਈ ਨੂੰ 7 ਦਿਨਾਂ ਲਈ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ ਦਿੱਤੀ ਗਈ ਸੀ ਅਤੇ ਇਹ ਮਿਆਦ ਸ਼ੁੱਕਰਵਾਰ ਨੂੰ ਖਤਮ ਹੋ ਰਹੀ ਹੈ। ਕੁਮਾਰ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਪੱਛਮੀ ਬੰਗਾਲ 'ਚ ਵਕੀਲਾਂ ਦੀ ਹੜਤਾਲ ਹੈ, ਲਿਹਾਜਾ 7 ਦਿਨਾਂ ਲਈ ਮਿਲੀ ਅੰਤਰਿਮ ਰਾਹਤ ਦੀ ਮਿਆਦ ਵਧਾਈ ਜਾਵੇ।

ਜ਼ਿਕਰਯੋਗ ਹੈ ਕਿ ਫਰਵਰੀ 'ਚ ਕੋਰਟ ਨੇ ਕੁਮਾਰ ਨੂੰ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ ਪ੍ਰਦਾਨ ਕੀਤੀ ਸੀ। 17 ਮਈ ਨੂੰ ਫਰਵਰੀ 'ਚ ਦਿੱਤੇ ਆਪਣੇ ਆਦੇਸ਼ ਨੂੰ ਵਾਪਸ ਲੈ ਲਿਆ ਸੀ। ਹਾਲਾਂਕਿ ਕੋਰਟ ਨੇ ਕੁਮਾਰ ਨੂੰ 7 ਦਿਨਾਂ ਦੀ ਰਾਹਤ ਦਿੰਦੇ ਹੋਏ ਉੱਚਿਤ ਫੋਰਮ ਦਾ ਦਰਵਾਜ਼ਾ ਖੜਕਾਉਣ ਲਈ ਕਿਹਾ ਸੀ।


author

DIsha

Content Editor

Related News