ਸਾਧੂ ਨੇ ਸਿਰ ''ਤੇ ਉਗਾਇਆ ਜੌਂ, ਵੇਖਣ ਲਈ ਦੂਰ-ਦੂਰ ਤੋਂ ਆ ਰਹੇ ਲੋਕ
Friday, Jan 10, 2025 - 11:44 AM (IST)
ਮਹਾਕੁੰਭਨਗਰ- ਸਨਾਤਨ ਸੰਸਕ੍ਰਿਤੀ ਦੇ ਸਭ ਤੋਂ ਵੱਡੇ ਮਨੁੱਖੀ ਸਮਾਗਮ ਮਹਾਕੁੰਭ 'ਚ ਅਜਬ-ਗਜਬ ਸਾਧੂ-ਸੰਤ ਅਤੇ ਤਪੱਸਵੀ ਨਜ਼ਰ ਆ ਰਹੇ ਹਨ ਪਰ ਇਨ੍ਹਾਂ 'ਚੋਂ ਵਾਤਾਵਰਣ ਦੀ ਸੁਰੱਖਿਆ ਅਤੇ ਜੈਵਿਕ ਖੇਤੀ ਦਾ ਸੰਦੇਸ਼ ਦੇਣ ਲਈ ਆਪਣੇ ਸਿਰ 'ਤੇ ਜੌਂ ਉਗਾਉਣ ਵਾਲਾ ਸਾਧੂ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦੱਸ ਦੇਈਏ ਕਿ 13 ਜਨਵਰੀ ਤੋਂ ਮਹਾਕੁੰਭ ਸ਼ੁਰੂ ਹੋਣ ਜਾ ਰਿਹਾ ਹੈ।
ਮਹਾਕੁੰਭ ਮੇਲੇ ਵਿਚ ਸ਼ਾਮਲ ਹੋਣ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਸਾਧੂ-ਸੰਤਾਂ ਆ ਰਹੇ ਹਨ, ਜੋ ਕਿ ਅਸਥਾਈ ਤੰਬੂਆਂ ਵਾਲੀ ਅਧਿਆਤਮਿਕ ਨਗਰੀ ਵਿਚ ਕਠਿਨ ਤਪੱਸਿਆ ਕਰਨਗੇ। ਇਨ੍ਹਾਂ ਸੰਤਾਂ ਵਿਚ ਕੁਝ ਅਜਿਹੇ ਸੰਤ ਵੀ ਹਨ ਜੋ ਆਪਣੇ ਵਿਸ਼ੇਸ਼ ਪਹਿਰਾਵੇ ਅਤੇ ਨਿਵੇਕਲੀ ਭਗਤੀ ਸ਼ੈਲੀ ਕਾਰਨ ਲੋਕਾਂ ਵਿਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਨ੍ਹਾਂ ਸੰਤਾਂ ਵਿਚ ਸੋਨਭੱਦਰ ਦੇ ਮਾਰਕੁੰਡੀ ਤੋਂ ਆਏ ਅਮਰਜੀਤ ਯੋਗੀ ਵੀ ਸ਼ਾਮਲ ਹਨ।
ਅਮਰਜੀਤ ਯੋਗੀ ਨੇ ਆਪਣੀ ਜਟਾਵਾਂ ਵਿਚ ਜੌਂ ਉਗਾਏ ਹਨ। ਇਸ ਰਾਹੀਂ ਉਹ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਜੈਵਿਕ ਖੇਤੀ ਦਾ ਸੰਦੇਸ਼ ਵੀ ਦੇ ਰਹੇ ਹਨ। ਬਾਬਾ ਅਮਰਜੀਤ ਯੋਗੀ ਦੇ ਸਿਰ 'ਤੇ ਉੱਗੇ ਜੌਂ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆ ਰਹੇ ਹਨ। ਮਹਾਕੁੰਭ ਮੇਲੇ ਦੌਰਾਨ ਆਪਣੇ ਵਾਲਾਂ ਵਿਚ ਜੌਂ ਉਗਾਉਣ ਵਾਲੇ ਹਠਯੋਗੀ ਬਾਬਾ ਅਮਰਜੀਤ ਦੀ ਸਾਧਨਾ ਨੂੰ ਦੇਖ ਕੇ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ।
ਹਠਯੋਗੀ ਅਮਰਜੀਤ ਨੇ ਦੱਸਿਆ ਕਿ ਉਨ੍ਹਾਂ ਨੇ 5 ਸਾਲ ਦਾ ਸੰਕਲਪ ਲਿਆ ਹੈ। ਇਹ 5ਵਾਂ ਸਾਲ ਹੈ ਜਦੋਂ ਉਨ੍ਹਾਂ ਨੇ ਆਪਣੇ ਵਾਲਾਂ ਵਿਚ ਜੌਂ ਉਗਾਏ ਹਨ। ਇਸ ਵਾਰ ਉਨ੍ਹਾਂ ਨੇ ਵਾਲਾਂ ਵਿਚ ਜੌਂ, ਛੋਲੇ, ਉੜਦ ਅਤੇ ਮੂੰਗ ਦੇ ਬੀਜ ਵੀ ਬੀਜੇ ਹਨ। ਇਨ੍ਹਾਂ ਸਭ ਤੋਂ ਬੇਖ਼ਬਰ ਉਹ ਆਪਣੀ ਭਗਤੀ ਵਿਚ ਲੀਨ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਆਪਣੇ ਆਸ਼ਰਮਾਂ ਅਤੇ ਡੇਰਿਆਂ ਦੇ ਬਾਹਰ ਜੌਂ ਬੀਜਦੇ ਹਨ ਅਤੇ ਜਦੋਂ ਉਨ੍ਹਾਂ ਦਾ ਕਲਪਵਾਸ ਖਤਮ ਹੋ ਜਾਂਦਾ ਹੈ ਤਾਂ ਉਹ ਭਗਵਾਨ ਨੂੰ ਚੜ੍ਹਾ ਕੇ ਚਲੇ ਜਾਂਦੇ ਹਨ ਪਰ ਉਨ੍ਹਾਂ ਨੇ ਪੱਕਾ ਇਰਾਦਾ ਕੀਤਾ ਹੋਇਆ ਹੈ ਕਿ ਉਨ੍ਹਾਂ ਦੇ ਵਾਲਾਂ ਵਿਚ ਉੱਗਿਆ ਇਹ ਜੌਂ ਇਸੇ ਤਰ੍ਹਾਂ ਹੀ ਰਹੇਗਾ, ਜਦੋਂ ਤੱਕ ਫਸਲ ਪੱਕ ਨਾ ਜਾਵੇ।