ਸੰਤ ਸੀਚੇਵਾਲ ਨੇ ਰਾਜ ਸਭਾ 'ਚ ਚੁੱਕਿਆ ਮੀਂਹ ਪ੍ਰਭਾਵਿਤ ਪਿੰਡਾਂ ਦਾ ਮੁੱਦਾ, ਸਪੀਕਰ ਨੇ ਕੀਤੀ ਸ਼ਲਾਘਾ

08/03/2022 1:33:40 PM

ਨਵੀਂ ਦਿੱਲੀ : ਪੰਜਾਬ ਦੇ ਮਾਲਵਾ ਖੇਤਰ 'ਚ ਭਾਰੀ ਮੀਂਹ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਦੇ ਦੌਰ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਜਿੱਥੇ ਕਿਸਾਨਾਂ ਦੀਆਂ ਫ਼ਸਲਾ ਤਬਾਅ ਹੋ ਗਈਆਂ ਹਨ ਉੱਥੇ ਹੀ ਲੋਕਾਂ ਦੇ ਘਰ ਵੀ ਢਹਿ-ਢੇਰੀ ਹੋ ਗਏ ਹਨ। ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਹ ਮੁੱਦਾ ਰਾਜ ਸਭਾ 'ਚ ਚੁੱਕਿਆ। ਇਸ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਲਵਾ ਖੇਤਰ ਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ 'ਚ ਪਏ ਭਾਰੀ ਮੀਂਹ ਕਾਰਨ ਬਹੁਤ ਨੁਕਸਾਨ ਹੋਇਆ ਹੈ, ਪਿੰਡਾਂ 'ਚ ਪਾਣੀ ਭਰਿਆ ਹੋਇਆ ਹੈ ਜਿਸ ਕਾਰਨ ਲੋਕ ਬੇਸਹਾਰਾ ਹੋ ਗਏ ਹਨ। ਉਨ੍ਹਾਂ ਦੱਸਿਆ ਕਿ 23 ਜੁਲਾਈ ਨੂੰ ਮੀਂਹ ਪ੍ਰਭਾਵਿਤ 4 ਪਿੰਡਾਂ ਦਾ ਦੌਰਾ ਕੀਤੀ, ਜਿੱਥੇ ਪਤਾ ਲੱਗਾ ਕਿ ਨਰਮੇ ਅਤੇ ਝੋਨੇ ਦੀਆਂ ਫ਼ਸਲਾ ਮੀਂਹ ਕਾਰਨ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। 

ਇਹ ਵੀ ਪੜ੍ਹੋ- ਲੋਕਾਂ ਨੇ ਸਕੂਲ ਨੂੰ ਲਾਇਆ ਜਿੰਦਾ, ਗੁਰਦੁਆਰਾ ਸਾਹਿਬ 'ਚ ਪੜ੍ਹਾਈ ਕਰਨ ਲਈ ਮਜਬੂਰ ਇਸ ਪਿੰਡ ਦੇ ਬੱਚੇ

ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਮੁਤਾਬਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ 1 ਲੱਖ ਏਕੜ ਅਤੇ ਫਾਜ਼ਿਲਕਾ 'ਚ 40 ਹਜ਼ਾਰ ਏਕੜ ਦੇ ਕਰੀਬ ਫ਼ਸਲਾ ਪਾਣੀ 'ਚ ਡੁੱਬ ਗਈਆਂ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇੰਨੇ ਮਾੜੇ ਹਨ ਕਿ ਲੋਕਾਂ ਦੇ ਸਿਰ ਕਰਜ਼ਾ ਚੜ੍ਹਿਆ ਹੋਇਆ ਹੈ ਅਤੇ 4 ਸਾਲ ਹੋ ਗਏ ਕਿਸਾਨਾਂ ਦੀਆਂ ਫ਼ਸਲਾਂ ਸਹੀ ਤਰੀਕੇ ਨਾਲ ਨਹੀਂ ਹੋਈਆਂ। ਸੰਤ ਸੀਚੇਵਾਲ ਨੇ ਕਿਹਾ ਕਿ ਫਾਜ਼ਿਲਕਾ ਸਰਹੱਦੀ ਖੇਤਰ ਹੈ ਜਿਸ ਨਾਲ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ। ਉੱਥੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਭਾਰੀ ਮੀਂਹ ਤੋਂ ਬਾਅਦ ਜਦੋਂ ਪਾਣੀ ਦਾ ਪੱਧਰ ਵਧ ਜਾਂਦਾ ਹੈ ਉਸ ਨੂੰ ਅੱਗੇ ਕੱਢਣ ਦਾ ਕੋਈ ਉਪਰਾਲਾ ਨਹੀਂ ਹੈ ਕਿਉਂਕਿ ਪਾਕਿਸਤਾਨ ਵਾਲੇ ਪਾਸੇ ਬੰਨ੍ਹ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਹਾਲਾਤ ਬਹੁਤ ਮਾੜੇ ਹਨ ਕਿਉਂਕਿ ਉੱਥੇ ਦਾ ਪਾਣੀ ਪ੍ਰਦੂਸ਼ਿਤ ਹੈ, ਜਿਸ ਕਾਰਨ ਕਈ ਜਾਨਲੇਵਾ ਬੀਮਾਰੀਆਂ ਦਾ ਡਰ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਉੱਥੇ ਦਿਵਿਆਂਗ ਬੱਚੇ ਪੈਦਾ ਹੋ ਰਹੇ ਹਨ ਜੋ ਕਿ ਇਕ ਵੱਡੀ ਸਮੱਸਿਆ ਹੈ। 

ਇਹ ਵੀ ਪੜ੍ਹੋ- 10 ਮਹੀਨੇ ਦੀ ਮਾਸੂਮ ਧੀ ਦਾ ਕਾਤਲ ਫ਼ੌਜੀ ਪਿਓ ਗ੍ਰਿਫ਼ਤਾਰ, ਘਟਨਾ ਮਗਰੋਂ ਕੰਬ ਗਈ ਸੀ ਲੋਕਾਂ ਦੀ ਰੂਹ

ਸੰਤ ਸੀਚੇਵਾਲ ਨੇ ਅਪੀਲ ਕਰਦਿਆਂ ਕਿਹਾ ਕਿ ਉਸ ਖੇਤਰ ਵਿੱਚ ਪਾਕਿਸਤਾਨ ਵਾਲੇ ਪਾਸੇ ਬਣੇ ਬੰਨ੍ਹ ਨੂੰ ਖੋਲਿਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਦੇ ਨਾਲ ਹੀ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸੇਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਿਰਫ਼ ਸੂਬਾ ਸਰਕਾਰ ਹੀ ਨਹੀਂ ਸਗੋਂ ਕੇਂਦਰ ਸਰਕਾਰ ਵੀ ਪੂਰਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨ ਕਈ ਵਾਰ ਖ਼ੁਦਕੁਸ਼ੀ ਕਰਨ ਦਾ ਰਾਹ ਆਪਣਾ ਲੈਂਦੇ ਹਨ, ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਮਾਲਵਾ ਖੇਤਰ ਦੇ ਮੀਂਹ ਪ੍ਰਭਾਵਿਤ ਪਿੰਡਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਲੋਕ ਰਾਹਤ ਮਹਿਸੂਸ ਕਰ ਸਕਣ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News