46 ਸਾਲ ਤੱਕ ਖੋਲ੍ਹਿਆ ਮੰਦਰ, ਉਸ ਦੇ ਖੂਹ ''ਚ ਮਿਲੀਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ
Monday, Dec 16, 2024 - 02:45 PM (IST)
ਸੰਭਲ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿਚ 46 ਸਾਲ ਤੱਕ ਬੰਦ ਰਹਿਣ ਮਗਰੋਂ ਪਿਛਲੇ ਹਫ਼ਤੇ ਖੋਲ੍ਹੇ ਗਏ ਭਸਮ ਸ਼ੰਕਰ ਮੰਦਰ ਦੇ ਖੂਹ ਵਿਚ ਦੋ ਖੰਡਿਤ ਮੂਰਤੀਆਂ ਮਿਲੀਆਂ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼੍ਰੀ ਕਾਰਤਿਕ ਮਹਾਦੇਵ ਮੰਦਰ (ਭਸਮ ਸ਼ੰਕਰ ਮੰਦਰ) ਨੂੰ 13 ਦਸੰਬਰ ਨੂੰ ਮੁੜ ਖੋਲ੍ਹ ਦਿੱਤਾ ਗਿਆ ਸੀ, ਜਦੋਂ ਅਧਿਕਾਰੀਆਂ ਨੇ ਕਿਹਾ ਸੀ ਕਿ ਕਬਜ਼ੇ ਵਿਰੋਧੀ ਮੁਹਿੰਮ ਦੌਰਾਨ ਉਨ੍ਹਾਂ ਨੂੰ ਇਹ ਢਾਂਚਾ ਮਿਲਿਆ ਸੀ। ਮੰਦਰ ਵਿਚ ਭਗਵਾਨ ਹਨੂੰਮਾਨ ਦੀ ਮੂਰਤੀ ਅਤੇ ਸ਼ਿਵਲਿੰਗ ਸਥਾਪਤ ਸੀ। ਇਹ 1978 ਤੋਂ ਬੰਦ ਸੀ। ਮੰਦਰ ਕੋਲ ਇਕ ਖੂਹ ਵੀ ਹੈ, ਜਿਸ ਨੂੰ ਅਧਿਕਾਰੀਆਂ ਨੇ ਫਿਰ ਤੋਂ ਖੋਲ੍ਹਣ ਦੀ ਯੋਜਨਾ ਬਣਾਈ ਸੀ।
ਮੌਕੇ 'ਤੇ ਮੌਜੂਦ ਸੰਜੀਵ ਸ਼ਰਮਾ ਨੇ ਦੱਸਿਆ ਕਿ ਖੂਹ ਵਿਚ ਦੇਵੀ ਲਕਸ਼ਮੀ ਦੀ ਇਕ ਖੰਡਿਤ ਮੂਰਤੀ ਮਿਲੀ ਹੈ। ਉਨ੍ਹਾਂ ਮੁਤਾਬਕ ਦੇਵੀ ਪਾਰਵਤੀ ਦੀ ਵੀ ਇਕ ਮੂਰਤੀ ਮਿਲੀ ਹੈ। ਸਤੇਂਦਰ ਕੁਮਾਰ ਸਿੰਘ ਨੇ ਕਿਹਾ ਕਿ ਪਾਰਵਤੀ ਦੀ ਮੂਰਤੀ ਖੂਹ ਵਿਚ 15-20 ਫੁੱਟ ਦੀ ਡੂੰਘਾਈ 'ਤੇ ਮਿਲੀ। ਸੰਭਲ ਦੀ ਉੱਪ ਜ਼ਿਲ੍ਹਾ ਅਧਿਕਾਰੀ ਵੰਦਨਾ ਮਿਸ਼ਰਾ ਨੇ ਦੱਸਿਆ ਕਿ ਥਾਣਾ ਮੁਖੀ ਜ਼ਰੀਏ ਸੂਚਨਾ ਮਿਲੀ ਹੈ ਕਿ ਉੱਥੇ ਦੋ ਮੂਰਤੀਆਂ ਮਿਲੀਆਂ ਹਨ।
ਇਹ ਮੰਦਰ ਖੱਗੂ ਸਰਾਏ ਇਲਾਕੇ ਵਿਚ ਸਥਿਤ ਹੈ, ਜੋ ਸ਼ਾਹੀ ਜਾਮਾ ਮਸਜਿਦ ਤੋਂ ਸਿਰਫ਼ ਇਕ ਕਿਲੋਮੀਟਰ ਦੂਰ ਹੈ। ਇਸ ਮਸਜਿਦ ਵਿਚ 24 ਨਵੰਬਰ ਨੂੰ ਅਦਾਲਤ ਦੇ ਹੁਕਮ 'ਤੇ ਕੀਤੇ ਗਏ ਸਰਵੇ ਦੌਰਾਨ ਵਿਰੋਧ ਪ੍ਰਦਰਸ਼ਨ ਹੋਣ 'ਤੇ ਹਿੰਸਾ ਹੋਈ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਖੂਹ ਅਤੇ ਮੰਦਰ ਦੀ 'ਕਾਰਬਨ ਡੇਟਿੰਗ' ਲਈ ਭਾਰਤੀ ਪੁਰਾਤੱਤਵ ਸਰਵੇ ਨੂੰ ਚਿੱਠੀ ਲਿਖੀ ਹੈ। 'ਕਾਰਬਨ ਡੇਟਿੰਗ' ਪ੍ਰਾਚੀਨ ਸਥਾਨਾਂ ਤੋਂ ਮਿਲੀਆਂ ਪੁਰਾਤੱਤਵ ਕਲਾਵਾਂ ਦੀ ਉਮਰ ਨਿਰਧਾਰਤ ਕਰਨ ਦੀ ਤਕਨੀਕ ਹੈ।