ਮੰਨਤ ਪੂਰੀ ਹੋਣ ''ਤੇ  NRI ਨੇ ਜਵਾਲਾ ਦੇਵੀ ਮੰਦਰ ''ਚ ਚੜ੍ਹਾਇਆ 1 ਕਿਲੋ ਚਾਂਦੀ ਦਾ ਛੱਤਰ

Monday, Dec 02, 2024 - 11:09 AM (IST)

ਮੰਨਤ ਪੂਰੀ ਹੋਣ ''ਤੇ  NRI ਨੇ ਜਵਾਲਾ ਦੇਵੀ ਮੰਦਰ ''ਚ ਚੜ੍ਹਾਇਆ 1 ਕਿਲੋ ਚਾਂਦੀ ਦਾ ਛੱਤਰ

ਜਵਾਲਾਮੁਖੀ- ਸ਼ਕਤੀਪੀਠ ਸ਼੍ਰੀ ਜਵਾਲਾਮੁਖੀ ਮੰਦਰ 'ਚ ਸ਼ਰਧਾ ਅਤੇ ਭਗਤੀ ਦਾ ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲਿਆ। ਐਤਵਾਰ ਨੂੰ ਮੰਡੀ ਵਾਸੀ NRI ਦੀਪਕ ਸ਼ਰਮਾ ਨੇ ਆਪਣੀ ਮੰਨਤ ਪੂਰੀ ਹੋਣ 'ਤੇ ਮੰਦਰ ਵਿਚ 1 ਕਿਲੋ ਚਾਂਦੀ ਦਾ ਛੱਤਰ ਮਾਂ ਦੇ ਦਰਬਾਰ ਵਿਚ ਚੜ੍ਹਾਇਆ। ਜਵਾਲਾਮੁਖੀ ਮੰਦਰ ਦੇ ਪੰਡਤ ਅਤੇ ਮੰਦਰ ਟਰੱਸਟ ਮੈਂਬਰ ਕਪਿਲ ਸ਼ਰਮਾ ਨੇ ਵਿਧੀ-ਵਿਧਾਨ ਨਾਲ ਪੂਜਾ ਕਰ ਕੇ ਛੱਤਰ ਭੇਟ ਕਰਨ ਦੀ ਪ੍ਰਕਿਰਿਆ ਸੰਪੰਨ ਕਰਵਾਈ। ਦੀਪਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਮਾਂ ਜਵਾਲਾ ਦੇਵੀ ਤੋਂ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਮੰਨਤ ਮੰਗੀ ਸੀ। ਮੰਨਤ ਪੂਰੀ ਹੋਣ ਮਗਰੋਂ ਉਨ੍ਹਾਂ ਨੇ ਦੇਵੀ ਨੂੰ ਚੜ੍ਹਾਵਾ ਚੜ੍ਹਾਇਆ।

ਇਹ ਛੱਤਰ ਦੇਵੀ ਪ੍ਰਤੀ ਉਨ੍ਹਾਂ ਦੀ ਅਟੁੱਟ ਆਸਥਾ ਅਤੇ ਸ਼ਰਧਾ ਦਾ ਪ੍ਰਤੀਕ ਹੈ। ਮੰਦਰ ਪ੍ਰਸ਼ਾਸਨ ਨੇ ਦੀਪਕ ਸ਼ਰਮਾ ਦੀ ਇਸ ਭੇਟ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਦੇਵੀ ਮਾਂ ਪ੍ਰਤੀ ਡੂੰਘੀ ਆਸਥਾ ਦੱਸਿਆ। ਸ਼ਰਧਾਲੂਆਂ ਦੀ ਵੱਧਦੀ ਗਿਣਤੀ ਅਤੇ ਇਸ ਤਰ੍ਹਾਂ ਦੇ ਚੜ੍ਹਾਵੇ ਮੰਦਰ ਦੀ ਧਾਰਮਿਕ ਮਹੱਤਤਾ ਨੂੰ ਹੋਰ ਵੀ ਵਧਾਉਂਦੇ ਹਨ। ਪ੍ਰਸ਼ਾਸਨ ਨੇ ਸਾਰੇ ਸ਼ਰਧਾਲੂਆਂ ਨੂੰ ਮੰਦਰ ਦੀ ਪਵਿੱਤਰਤਾ ਅਤੇ ਮਰਿਆਦਾ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।

ਜਵਾਲਾਮੁਖੀ ਮੰਦਰ ਕਾਂਗੜਾ ਘਾਟੀ ਤੋਂ 30 ਕਿਲੋਮੀਟਰ ਦੱਖਣ ਵਿਚ ਹਿਮਾਚਲ ਪ੍ਰਦੇਸ਼ ਵਿਚ ਸਥਿਤ ਹੈ। ਇਹ ਮੰਦਰ 51 ਸ਼ਕਤੀ ਪੀਠਾਂ 'ਚ ਸ਼ਾਮਲ ਹੈ, ਜਿਸ ਨੂੰ ਜੋਤਾ ਵਾਲੀ ਮੰਦਰ ਅਤੇ ਨਗਰਕੋਟ ਵੀ ਕਿਹਾ ਜਾਂਦਾ ਹੈ। ਜਵਾਲਾਮੁਖੀ ਮੰਦਰ ਦੀ ਖੋਜ ਦਾ ਸਿਹਰਾ ਪਾਂਡਵਾਂ ਨੂੰ ਜਾਂਦਾ ਹੈ। ਜਵਾਲਾ ਦੇ ਰੂਪ ਵਿਚ ਮਾਤਾ ਜਵਾਲਾਦੇਵੀ ਮੰਦਰ ਵਿਚ ਸਦੀਆਂ ਤੋਂ ਬਿਨਾਂ ਤੇਲ ਬੱਤੀ ਦੇ ਕੁਦਰਤੀ ਰੂਪ ਨਾਲ 9 ਬੱਤੀਆਂ ਜਗ ਰਹੀਆਂ ਹਨ। 9 ਬੱਤੀਆਂ ਵਿਚ ਪ੍ਰਮੁੱਖ ਜਵਾਲਾ ਮਾਤਾ ਜੋ ਚਾਂਦੀ ਦੇ ਦੀਵੇ ਵਿਚਕਾਰ ਸਥਿਤ ਹੈ, ਉਸ ਨੂੰ ਮਹਾਕਾਲੀ ਕਹਿੰਦੇ ਹਨ। ਹੋਰ 8 ਜਵਾਲਾ ਦੇ ਰੂਪ ਵਿਚ ਮਾਂ ਅੰਨਪੂਰਨਾ, ਚੰਡੀ, ਹਿੰਗਲਾਜ, ਵਿਧਿਆਵਾਸਿਨੀ, ਮਹਾਲਕਸ਼ਮੀ, ਸਰਸਵਤੀ, ਅੰਬਿਕਾ ਅਤੇ ਅੰਜੀ ਦੇਵੀ ਜਵਾਲਾ ਦੇਵੀ ਮੰਦਰ  ਵਿਚ ਨਿਵਾਸ ਕਰਦੀਆਂ ਹਨ।


author

Tanu

Content Editor

Related News