ਰਾਹੁਲ ਨੂੰ ‘ਗੁਲਕ’ ਭੇਟ ਕਰਨ ਵਾਲੇ ਪਰਮਾਰ ਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਮਿਲੀਆਂ
Friday, Dec 13, 2024 - 11:50 PM (IST)
ਸਿਹੋਰ, (ਯੂ. ਐੱਨ. ਆਈ.)- ਮੱਧ ਪ੍ਰਦੇਸ਼ ’ਚ ਸਿਹੋਰ ਜ਼ਿਲੇ ਦੇ ਆਸਟਾ ਦੇ ਰਹਿਣ ਵਾਲੇ ਮਸ਼ਹੂਰ ਕਾਰੋਬਾਰੀ ਮਨੋਜ ਪਰਮਾਰ ਤੇ ਉਨ੍ਹਾਂ ਦੀ ਪਤਨੀ ਦੀਆਂ ਸ਼ੁੱਕਰਵਾਰ ਉਨ੍ਹਾਂ ਦੇ ਘਰ ’ਚ ਲਟਕਦੀਆਂ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।
ਇਹ ਪਰਿਵਾਰ ਕੇਂਦਰੀ ਜਾਂਚ ਏਜੰਸੀਆਂ ਦੇ ਰਡਾਰ ’ਤੇ ਵੀ ਸੀ। ਪੁਲਸ ਸੂਤਰਾਂ ਨੇ ਮੁੱਢਲੀ ਜਾਂਚ ਦੇ ਹਵਾਲੇ ਨਾਲ ਦੱਸਿਆ ਕਿ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਟੀਮ ਨੇ ਇਕ ਹਫਤਾ ਪਹਿਲਾਂ ਹੀ ਉਕਤ ਕਾਰੋਬਾਰੀ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ ਸੀ। ਇਸ ਤੋਂ ਬਾਅਦ ਉਹ ਕਥਿਤ ਤੌਰ ’ਤੇ ਪਰੇਸ਼ਾਨ ਸੀ। ਪਤਾ ਲੱਗਾ ਹੈ ਕਿ ਮੌਕੇ ਤੋਂ ਇਕ ਚਿੱਠੀ ਵੀ ਮਿਲੀ ਹੈ ਪਰ ਉਸ ’ਚ ਕੀ ਲਿਖਿਆ ਹੈ, ਇਸ ਦਾ ਖੁਲਾਸਾ ਨਹੀਂ ਹੋ ਸਕਿਆ।
ਪਰਮਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ‘ਗੁਲਕ’ ਭੇਟ ਕਰ ਕੇ ਸੁਰਖੀਆਂ ’ਚ ਆਏ ਸਨ। ਮਨੋਜ ਦੇ 3 ਬੱਚੇ ਹਨ। ਪੁੱਤਰ ਜਤਿਨ ਨੇ ਦੋਸ਼ ਲਾਇਆ ਕਿ ਈ. ਡੀ. ਦੀ ਕਾਰਵਾਈ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਮਾਤਾ-ਪਿਤਾ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਹੈ।