ਸ਼ਰਮਨਾਕ ਘਟਨਾ; ਮੰਦਰ ਕੰਪਲੈਕਸ ''ਚ ਔਰਤ ਨਾਲ ਸਮੂਹਿਕ ਜਬਰ-ਜ਼ਿਨਾਹ

Friday, Dec 13, 2024 - 03:50 PM (IST)

ਸ਼ਰਮਨਾਕ ਘਟਨਾ; ਮੰਦਰ ਕੰਪਲੈਕਸ ''ਚ ਔਰਤ ਨਾਲ ਸਮੂਹਿਕ ਜਬਰ-ਜ਼ਿਨਾਹ

ਗੁਹਾਟੀ- ਮੰਦਰ ਕੰਪਲੈਕਸ ਵਿਚ ਇਕ ਔਰਤ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਸ਼ੁੱਕਰਵਾਰ ਨੂੰ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਮਾਮਲਾ ਆਸਾਮ ਦੇ ਗੁਹਾਟੀ ਦਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੋਰਚੁਕ ਖੇਤਰ ਵਿਚ ਵਾਪਰੀ ਇਸ ਘਟਨਾ ਦਾ ਵੀਡੀਓ ਸਥਾਨਕ ਲੋਕਾਂ ਵਿਚਾਲੇ ਪ੍ਰਸਾਰਿਤ ਹੋਣ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। 

ਗੁਹਾਟੀ ਦੇ ਪੁਲਸ ਕਮਿਸ਼ਨਰ ਦਿਗੰਤ ਬਰਾਹ ਨੇ ਕਿਹਾ ਕਿ ਸਮੂਹਿਕ ਜਬਰ-ਜ਼ਿਨਾਹ ਦਾ ਵੀਡੀਓ ਸ਼ੁੱਕਰਵਾਰ ਸਵੇਰੇ ਇਕ ਪੱਤਰਕਾਰ ਤੋਂ ਮਿਲਿਆ। ਬਰਾਹ ਨੇ ਕਿਹਾ ਕਿ ਪ੍ਰਾਪਤ ਸੂਚਨਾ ਅਤੇ ਵੀਡੀਓ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਪੁਲਸ ਟੀਮ ਨੇ ਗੋਰਚੁਕ ਅਤੇ ਜਾਲੁਕਬਾਰੀ ਪੁਲਸ ਥਾਣੇ ਅਧੀਨ ਵੱਖ-ਵੱਖ ਥਾਵਾਂ 'ਤੇ ਤੁਰੰਤ ਛਾਪੇ ਮਾਰੇ ਅਤੇ ਵੀਡੀਓ ਵਿਚ ਨਜ਼ਰ ਆ ਰਹੇ 7 ਲੋਕਾਂ ਦੀ ਪਛਾਣ ਦੀ ਪੁਸ਼ਟੀ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਸ ਮੁਤਾਬਕ ਸਾਰੇ ਦੋਸ਼ੀਆਂ ਦੀ ਉਮਰ 18 ਤੋਂ 23 ਸਾਲ ਦਰਮਿਆਨ ਹੈ। ਪੁਲਸ ਕਮਿਸ਼ਨਰ ਨੇ ਕਿਹਾ ਕਿ ਔਰਤ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਜਾਂਚ ਜਾਰੀ ਹੈ। ਉੱਥੇ ਹੀ ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ 17 ਨਵੰਬਰ ਨੂੰ ਉਦੋਂ ਵਾਪਰੀ ਜਦੋਂ ਇਲਾਕੇ ਵਿਚ ਰਾਸ ਉਤਸਵ ਮਨਾਇਆ ਜਾ ਰਿਹਾ ਸੀ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਦੋਸ਼ੀਆਂ ਵਿਚੋਂ ਇਕ ਔਰਤ ਨੂੰ ਮੰਦਰ ਕੰਪਲੈਕਸ ਵਿਚ ਲੈ ਗਿਆ ਸੀ ਅਤੇ ਉੱਥੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ ਅਤੇ ਘਟਨਾ ਦਾ ਵੀਡੀਓ ਵੀ ਬਣਾਇਆ ਗਿਆ। ਇਹ ਮੰਦਰ ਪਹਾੜੀ ਇਲਾਕੇ ਵਿਚ ਸਥਿਤ ਹੈ। ਅਧਿਕਾਰੀ ਨੇ ਦੱਸਿਆ ਕਿ ਵੀਡੀਓ ਵਿਚ 9 ਲੋਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਵਿਚੋਂ 2 ਫ਼ਰਾਰ ਹਨ। ਸਥਾਨਕ ਵਾਸੀਆਂ ਨੇ ਦੋਸ਼ ਲਾਇਆ ਕਿ ਨਸ਼ੇ ਦੇ ਆਦੀ ਲੋਕ ਰੋਜ਼ਾਨਾ ਮੰਦਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਘੁੰਮਦੇ ਰਹਿੰਦੇ ਹਨ।


author

Tanu

Content Editor

Related News