ਸਾਲਾਸਰ ਧਾਮ ਮੰਦਰ ਕਮੇਟੀ ਦੇ ਹਿਸਾਬ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ

Friday, Dec 13, 2024 - 05:51 PM (IST)

ਸਾਲਾਸਰ ਧਾਮ ਮੰਦਰ ਕਮੇਟੀ ਦੇ ਹਿਸਾਬ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ

ਮੋਗਾ (ਕਸ਼ਿਸ਼) : ਕੋਟਕਪੂਰਾ ਬਾਈਪਾਸ ’ਤੇ ਸਥਿਤ ਸਾਲਾਸਰ ਧਾਮ ਮੰਦਿਰ ਕਮੇਟੀ ਦੇ ਹਿਸਾਬ ਨੂੰ ਲੈ ਕੇ ਟਰੱਸਟੀਆਂ ਦੇ ਧਿਰਾਂ ਵਿਚਕਾਰ ਚੱਲਦੇ ਆ ਰਹੇ ਵਿਵਾਦ ਨੂੰ ਲੈ ਕੇ ਹੋਏ ਲੜਾਈ ਝਗੜੇ ਵਿਚ ਜਨਰਲ ਸੈਕਟਰੀ ਯਕੀਨ ਕੁਮਾਰ ਅਤੇ ਦੂਸਰੀ ਧਿਰ ਦੇ ਸੰਸਥਾਪਕ ਸੁਸ਼ੀਲ ਮਿੱਡਾ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਹਸਪਤਾਲ ਮੋਗਾ ਦਾਖਲ ਕਰਾਉਣਾ ਪਿਆ। ਡਾਕਟਰਾਂ ਨੇ ਯਕੀਨ ਕੁਮਾਰ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡੀ.ਐੱਮ.ਸੀ ਲੁਧਿਆਣਾ ਰੈਫਰ ਕੀਤਾ। ਸੰਸਥਾਪਕ ਸੁਸ਼ੀਲ ਮਿੱਡਾ ਨੇ ਉਨ੍ਹਾਂ ਉਪਰ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਿਆ। ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਵੱਲੋਂ ਜ਼ਖਮੀ ਯਕੀਨ ਕੁਮਾਰ ਨਿਵਾਸੀ ਚੱਕੀ ਵਾਲੀ ਗਲੀ ਮੋਗਾ ਦੀ ਸ਼ਿਕਾਇਤ ’ਤੇ ਮੰਦਰ ਦੇ ਸੰਸਥਾਪਕ  ਸੁਸ਼ੀਲ ਮਿੱਡਾ, ਸੌਰਵ ਗੋਇਲ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਵੱਲੋਂ ਕੀਤੀ ਜਾ ਰਹੀ ਹੈ। 

ਪੁਲਸ ਸੂਤਰਾਂ ਅਨੁਸਾਰ ਯਕੀਨ ਕੁਮਾਰ ਨੇ ਕਿਹਾ ਕਿ ਉਹ ਸਾਲਾਸਰ ਧਾਮ ਮੰਦਿਰ ਕਮੇਟੀ ਦਾ ਟਰੱਸਟੀ ਹੈ ਅਤੇ ਜਨਰਲ ਸੈਕਟਰੀ ਵਜੋਂ ਕੰਮ ਕਰਦਾ ਹੈ। ਬੀਤੀ 10 ਦਸੰਬਰ ਨੂੰ ਸ਼ਾਮ ਸਾਢੇ 7 ਵਜੇ ਜਦੋਂ ਉਹ ਹੋਰਨਾਂ ਟਰੱਸਟੀਆਂ ਅਤੇ ਸ਼ਰਧਾਲੂਆਂ ਸਮੇਤ ਭਗਵਾਨ ਨੂੰ ਭੋਗ ਲਗਾ ਰਿਹਾ ਸੀ ਤਾਂ ਸੁਸ਼ੀਲ ਮਿੱਡਾ ਨੇ ਆ ਕੇ ਮੇਰੇ ਕੋਲੋਂ ਆ ਕੇ ਮਾਈਕ ਫੜ ਲਿਆ ਅਤੇ ਉਚੀ ਉਚੀ ਬੋਲਣ ਲੱਗਾ, ਜਿਸ ’ਤੇ ਅਸੀਂ ਉਸ ਨੂੰ ਕਿਹਾ ਕਿ ਮੰਦਿਰ ਦੀ ਮਰਿਯਾਦਾ ਭੰਗ ਨਾ ਕਰੋ, ਬਾਹਰ ਜਾ ਕੇ ਗੱਲ ਕਰਦੇ ਹਾਂ। ਜਦੋਂ ਮੈਂ ਬਾਹਰ ਨਿਕਲਿਆਂ ਤਾਂ ਇੰਨ੍ਹਾਂ ਨੇ ਮੈਂਨੂੰ ਪੌੜੀਆਂ ਤੋਂ ਧੱਕਾ ਮਾਰਿਆ ਅਤੇ ਘਸੁੰਨ-ਮੁੱਕੀ ਕਰਨ ਲੱਗ ਪਏ ਅਤੇ ਸੌਰਵ ਗੋਇਲ ਨੇ ਕਿਹਾ ਕਿ ਤੁਹਾਨੂੰ ਮੰਦਰ ਦੇ ਕੰਮ ਵਿਚ ਦਖ਼ਲ ਅੰਦਾਜ਼ੀ ਕਰਨ ਦਾ ਪਤਾ ਦੱਸਦੇ ਹਾਂ। ਇਸੇ ਦੌਰਾਨ ਹੋਰ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਮੈਂਨੂੰ ਛੁਡਵਾਇਆ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ। ਮੇਰੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੈਂਨੂੰ ਲੁਧਿਆਣਾ ਰੈਫਰ ਕੀਤਾ।

ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਦੀਪ ਕੜਵਲ, ਅਵਤਾਰ ਸਿੰਘ, ਰਾਜੀਵ ਬਾਂਸਲ, ਹਰਸ਼ ਬਾਂਸਲ, ਰਾਜੀਵ ਤਾਂਗੜੀ, ਪਵਨ ਅਰੋੜਾ, ਮਨੋਜ ਜੈਸਵਾਲ, ਵੈਭਵ ਸਿੰਗਲਾ, ਨਵਦੀਪ, ਵਿਕਰਮ ਕਲਸੀ, ਰਾਕੇਸ਼ ਪਲਤਾ, ਜਤਿੰਦਰ ਬਹਿਲ, ਗੌਰਵ ਨਾਗਪਾਲ ਅਤੇ ਪਵਨ ਸ਼ਰਮਾ, ਹੋਰ ਟਰੱਸਟੀਆਂ ਨੇ ਦੋਸ਼ ਲਗਾਇਆ ਕਿ ਉਕਤ ਵਿਵਾਦ ਮੰਦਿਰ ਕਮੇਟੀ ਦੇ ਹਿਸਾਬ ਨੂੰ ਲੈਕੇ ਪਿਛਲੇ ਕਾਫ਼ੀ ਸਮੇਂ ਤੋਂ ਚੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀ ਸੁਸ਼ੀਲ ਮਿੱਡੇ ਤੋਂ ਹਿਸਾਬ ਮੰਗਦੇ ਹਾਂ ਤਾਂ ਉਹ ਟਾਲ ਮਟੋਲ ਕਰਦਾ ਹੈ। ਇਸ ਗੱਲ ਨੂੰ ਲੈਕੇ ਉਕਤ ਝਗੜਾ ਹੋਇਆ ਹੈ। ਜਦੋਂ ਇਸ ਸਬੰਧ ਵਿਚ ਸੁਸ਼ੀਲ ਮਿੱਡਾ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਮੇਰੇ ਖ਼ਿਲਾਫ਼ ਜੋ ਦੋਸ਼ ਦੂਸਰੀ ਧਿਰ ਵੱਲੋਂ ਲਗਾਏ ਜਾ ਰਹੇ ਹਨ ਉਹ ਝੂਠੇ ਅਤੇ ਬੇਬੁਨਿਆਦ ਹਨ। ਮੈਂ ਉਨ੍ਹਾਂ ਨੂੰ ਕਦੇ ਵੀ ਹਿਸਾਬ ਦੇਣ ਤੋਂ ਇਨਕਾਰ ਨਹੀਂ ਕੀਤਾ, ਸਗੋਂ ਮੈਂਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਮੈਂ ਇਸ ਸਬੰਧ ਵਿਚ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਵੀ ਸ਼ਿਕਾਇਤ ਪੱਤਰ ਦੇ ਕੇ ਇੰਨਸਾਫ ਅਤੇ ਦੂਸਰੇ ਮੈਂਬਰਾਂ ਦੇ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਹਿਸਾਬ ਕਿਤਾਬ ਅਤੇ ਮੰਦਰ ਦੀ ਚਾਬੀ ਦੂਸਰੀ ਧਿਰ ਦੇ ਕੋਲ ਹੀ ਹੈ ਅਤੇ ਮੈਂ ਤਾਂ ਸੇਵਾ ਭਾਵਨਾ ਨਾਲ ਮੰਦਿਰ ਦੀ ਸੇਵਾ ਕਰਦਾ ਹਾਂ।


author

Gurminder Singh

Content Editor

Related News