ਨਿੱਕੀ ਯਾਦਵ ਦੀ ਲਾਸ਼ ਕਾਰ ’ਚ ਲੈ ਕੇ 35 ਕਿਲੋਮੀਟਰ ਘੁੰਮਦਾ ਰਿਹਾ ਸਾਹਿਲ ਗਹਿਲੋਤ
Thursday, Feb 16, 2023 - 11:12 AM (IST)
ਨਵੀਂ ਦਿੱਲੀ- ਦਿੱਲੀ ਦੇ ਨਿੱਕੀ ਯਾਦਵ ਕਤਲਕਾਂਡ ’ਚ ਹੁਣ ਵੱਡੇ ਖੁਲਾਸੇ ਹੋ ਰਹੇ ਹਨ। ਪੁਲਸ ਸੂਤਰਾਂ ਅਨੁਸਾਰ 9 ਫਰਵਰੀ ਦੀ ਸ਼ਾਮ ਵਿਆਹ ਨੂੰ ਲੈ ਕੇ ਨਿੱਕੀ ਅਤੇ ਸਾਹਿਲ ਗਹਿਲੋਤ ਦਾ ਕਾਰ ’ਚ ਝਗੜਾ ਹੋਇਆ ਸੀ। ਗੱਲ ਇੰਨੀ ਵਿਗੜ ਗਈ ਕਿ ਗੁੱਸਾਏ ਸਾਹਿਲ ਨੇ ਕਸ਼ਮੀਰੀ ਗੇਟ ਸਥਿਤ ਆਈ.ਐੱਸ.ਬੀ.ਟੀ. ’ਤੇ ਮੋਬਾਇਲ ਚਾਰਜਰ ਦੀ ਕੇਬਲ ਨਾਲ ਨਿੱਕੀ ਦਾ ਗਲ਼ਾ ਘੁੱਟ ਦਿੱਤਾ। ਇਸ ਤੋਂ ਬਾਅਦ ਉਹ ਨਿੱਕੀ ਦੀ ਲਾਸ਼ ਕਾਰ ’ਚ ਲੈ ਕੇ 35 ਕਿਲੋਮੀਟਰ ਦੂਰ ਮਿਤਰਾਂਵ ਪਿੰਡ ਪੁੱਜਾ। ਸਾਹਿਲ ਨੇ ਇੱਥੇ ਆਪਣੇ ਢਾਬੇ ਦੇ ਫਰਿੱਜ ’ਚ ਨਿੱਕੀ ਦੀ ਲਾਸ਼ ਲੁਕਾ ਦਿੱਤੀ। ਸਾਹਿਲ ਨਿੱਕੀ ਦੀ ਲਾਸ਼ ਨੂੰ ਟਿਕਾਣੇ ਲਗਾ ਪਾਉਂਦਾ, ਇਸ ਤੋਂ ਪਹਿਲਾਂ ਹੀ ਕਿਸੇ ਨੇ ਪੁਲਸ ਨੂੰ ਖ਼ਬਰ ਕਰ ਦਿੱਤੀ। ਪੁਲਸ ਨੇ 10 ਫਰਵਰੀ ਨੂੰ ਹੀ ਇੱਥੋਂ ਲਾਸ਼ ਬਰਾਮਦ ਕਰ ਲਈ। ਘਟਨਾ ਵਾਲੇ ਦਿਨ ਦਾ ਨਿੱਕੀ ਦਾ ਇਕ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਇਆ ਹੈ, ਜਿਸ ’ਚ ਉਹ ਸਾਹਿਲ ਦੇ ਘਰ ਜਾਂਦੀ ਦਿਸ ਰਹੀ ਹੈ।
ਸਾਹਿਲ ਦਾ ਵਿਆਹ ਪਰਿਵਾਰ ਨੇ ਕਿਤੇ ਹੋਰ ਤੈਅ ਕਰ ਦਿੱਤਾ ਸੀ। 10 ਫਰਵਰੀ ਨੂੰ ਵਿਆਹ ਸੀ। ਇਹ ਗੱਲ ਨਿੱਕੀ ਨੂੰ 9 ਫਰਵਰੀ ਨੂੰ ਪਤਾ ਲੱਗੀ। ਇਸ ਦਿਨ ਦੋਹਾਂ ਨੇ ਗੋਆ ਜਾਣ ਦੀ ਯੋਜਨਾ ਬਣਾਈ ਸੀ ਪਰ ਸਾਹਿਲ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਫਿਰ ਦੋਹਾਂ ’ਚ ਝਗੜਾ ਹੋਇਆ। ਇਸ ਤੋਂ ਬਾਅਦ ਸਾਹਿਲ ਨੇ ਨਿੱਕੀ ਨੂੰ ਬੁਲਾਇਆ ਅਤੇ ਦੋਵੇਂ ਕਾਰ ’ਚ ਘੁੰਮਣ ਨਿਕਲ ਗਏ। ਦੋਵੇਂ ਆਈ.ਐੱਸ.ਬੀ.ਟੀ. ਦੇ ਕੋਲ ਪੁੱਜੇ। ਇੱਥੇ ਫਿਰ ਤੋਂ ਉਨ੍ਹਾਂ ਦਾ ਝਗੜਾ ਹੋਇਆ ਅਤੇ ਗੁੱਸਾਏ ਸਾਹਿਲ ਨੇ ਕਾਰ ’ਚ ਹੀ ਮੋਬਾਇਲ ਚਾਰਜਰ ਦੀ ਕੇਬਲ ਨਾਲ ਨਿੱਕੀ ਦਾ ਗਲ਼ਾ ਘੁੱਟ ਦਿੱਤਾ। ਕ੍ਰਾਈਮ ਬ੍ਰਾਂਚ ਨੇ ਸਾਹਿਲ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਉਸ ਨੂੰ ਕੋਰਟ ’ਚ ਪੇਸ਼ ਕੀਤਾ ਗਿਆ। ਕੋਰਟ ਨੇ ਉਸ ਨੂੰ 5 ਦਿਨ ਦੀ ਰਿਮਾਂਡ ’ਤੇ ਭੇਜ ਦਿੱਤਾ ਹੈ। ਉੱਥੇ ਹੀ, ਨਿੱਕੀ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਉਸ ਦੇ ਘਰ ਝੱਜਰ ਲਿਜਾਈ ਗਈ।
ਪੋਸਟਮਾਰਟਮ ਰਿਪੋਰਟ ’ਚ ਖੁਲਾਸਾ : ਦਮ ਘੁਟਨ ਨਾਲ ਹੋਈ ਨਿੱਕੀ ਦੀ ਮੌਤ
ਨਿੱਕੀ ਯਾਦਵ ਦੀ ਪੋਸਟਮਾਰਟਮ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਉਸ ਦੀ ਮੌਤ ਦਮ ਘੁਟਨ ਨਾਲ ਹੋਈ। ਨਿੱਕੀ ਦੀ ਲਾਸ਼ ਪੋਸਟਮਾਰਟਮ ਲਈ ਰਾਓ ਤੁਲਾਰਾਮ ਮੈਮੋਰੀਅਲ ਹਸਪਤਾਲ ਤੋ ਦੀਨਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਉਸ ਦਾ ਪੋਸਟਮਾਰਟਮ ਹੋਇਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ