ਮੁੰਬਈ ''ਤੇ ਹੋਏ 26/11 ਹਮਲੇ ਤੋਂ ਬਾਅਦ ਭਾਰਤ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ ਸੀ : ਜੈਸ਼ੰਕਰ

Sunday, Oct 27, 2024 - 05:23 PM (IST)

ਮੁੰਬਈ ''ਤੇ ਹੋਏ 26/11 ਹਮਲੇ ਤੋਂ ਬਾਅਦ ਭਾਰਤ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ ਸੀ : ਜੈਸ਼ੰਕਰ

ਮੁੰਬਈ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਜੇਕਰ ਅਜਿਹੀ ਘਟਨਾ ਦੁਬਾਰਾ ਵਾਪਰਦੀ ਹੈ ਤਾਂ ਹੁਣ ਅਜਿਹਾ ਨਹੀਂ ਹੋਵੇਗਾ। ਜੈਸ਼ੰਕਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,"ਮੁੰਬਈ 'ਚ ਜੋ ਹੋਇਆ, ਉਸ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ ਕਿ ਇੱਥੇ ਇੱਕ ਅੱਤਵਾਦੀ ਹਮਲਾ ਹੋਇਆ ਅਤੇ ਕੋਈ ਪ੍ਰਤੀਕਿਰਿਆ ਨਹੀਂ ਹੋਈ।" ਉਨ੍ਹਾਂ ਕਿਹਾ,''ਮੁੰਬਈ ਭਾਰਤ ਅਤੇ ਦੁਨੀਆ ਲਈ ਅੱਤਵਾਦ ਵਿਰੋਧ ਦਾ ਪ੍ਰਤੀਕ ਹੈ।'' ਜੈਸ਼ੰਕਰ ਨੇ ਕਿਹਾ ਕਿ ਜਦੋਂ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਸੀ, ਉਦੋਂ ਉਹ ਅੱਤਵਾਦ ਵਿਰੋਧੀ ਕਮੇਟੀ ਦੀ ਪ੍ਰਧਾਨਗੀ ਕਰ ਰਿਹਾ ਸੀ। ਉਨ੍ਹਾਂ ਕਿਹਾ,"ਅਸੀਂ ਅੱਤਵਾਦ ਵਿਰੋਧੀ ਕਮੇਟੀ ਦੀ ਬੈਠਕ ਉਸੇ ਹੋਟਲ 'ਚ ਕੀਤੀ ਸੀ, ਜਿਸ 'ਤੇ ਅੱਤਵਾਦੀ ਹਮਲਾ ਹੋਇਆ ਸੀ।''

ਜੈਸ਼ੰਕਰ ਨੇ ਕਿਹਾ,''ਲੋਕ ਜਾਣਦੇ ਹਨ ਕਿ ਭਾਰਤ ਅੱਤਵਾਦ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹਾ ਹੈ। ਅੱਜ ਅਸੀਂ ਅੱਤਵਾਦ ਨਾਲ ਲੜਨ 'ਚ ਅੱਗੇ ਹਾਂ।'' ਉਨ੍ਹਾਂ ਕਿਹਾ,''ਜਦੋਂ ਅਸੀਂ ਅੱਤਵਾਦ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰਨ ਦੀ ਗੱਲ ਕਰਦੇ ਹਾਂ ਤਾਂ ਇਹ ਸਪੱਸ਼ਟ ਹੈ ਕਿ ਜਦੋਂ ਕੋਈ ਕੁਝ ਕਰਦਾ ਹੈ ਤਾਂ ਉਸ ਦਾ ਜਵਾਬ ਦਿੱਤਾ ਜਾਵੇਗਾ। ਇਹ ਮਨਜ਼ੂਰ ਨਹੀਂ ਹੈ ਕਿ ਤੁਸੀਂ ਦਿਨ 'ਚ ਸੌਦੇਬਾਜ਼ੀ ਕਰ ਰਹੇ ਹੋ ਅਤੇ ਰਾਤ 'ਚ ਅੱਤਵਾਦ 'ਚ ਸ਼ਾਮਲ ਹੋ ਅਤੇ ਮੈਨੂੰ ਦਿਖਾਵਾ ਕਰਨਾ ਪਵੇ ਕਿ ਸਭ ਕੁਝ ਠੀਕ ਹੈ। ਹੁਣ ਭਾਰਤ ਇਸ ਨੂੰ ਸਵੀਕਾਰ ਨਹੀਂ ਕਰੇਗਾ। ਇਹੀ ਤਬਦੀਲੀ ਹੈ।'' ਜੈਸ਼ੰਕਰ ਨੇ ਕਿਹਾ,''ਅਸੀਂ ਅੱਤਵਾਦ ਨੂੰ ਉਜਾਗਰ ਕਰਾਂਗੇ ਅਤੇ ਜਿੱਥੇ ਸਾਨੂੰ ਕਾਰਵਾਈ ਕਰਨੀ ਹੋਵੇਗੀ, ਅਸੀਂ ਕਾਰਵਾਈ ਕਰਾਂਗੇ।'' ਜੈਸ਼ੰਕਰ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਚੀਨ ਜਲਦ ਹੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਗਸ਼ਤ ਫਿਰ ਤੋਂ ਸ਼ੁਰੂ ਕਰਨਗੇ, ਜਿਸ ਨਾਲ ਅਪ੍ਰੈਲ 2020 'ਚ ਸਰਹੱਦ ਗਤੀਰੋਧ ਸ਼ੁਰੂ ਹੋਣ ਤੋਂ ਪਹਿਲੇ ਦੀ ਵਿਵਸਥਾ ਬਹਾਲ ਹੋਵੇਗੀ। ਜੈਸ਼ੰਕਰ ਨੇ ਕਿਹਾ,''ਸਾਨੂੰ ਉਮੀਦ ਹੈ ਕਿ ਡੇਮਚੋਕ ਅਤੇ ਦੇਪਸਾਂਗ ਵਰਗੇ ਖੇਤਰਾਂ 'ਚ 31 ਅਕਤੂਬਰ 2020 ਤੋਂ ਪਹਿਲਾਂ ਦੀ ਗਸ਼ਤ ਵਿਵਸਥਾ ਬਹਾਲ ਹੋ ਜਾਵੇਗੀ। ਇਸ 'ਚ ਕੁਝ ਸਮਾਂ ਲੱਗੇਗਾ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News