ਰੂਸ-ਯੂਕ੍ਰੇਨ ਜੰਗ: ਹਰਿਆਣਾ ਦੇ 1786 ਵਿਦਿਆਰਥੀ ਯੂਕ੍ਰੇਨ ’ਚ ਫਸੇ, ਹੁਣ ਤਕ 91 ਵਿਦਿਆਰਥੀ ਪਰਤੇ ਦੇਸ਼

Tuesday, Mar 01, 2022 - 01:52 PM (IST)

ਰੂਸ-ਯੂਕ੍ਰੇਨ ਜੰਗ: ਹਰਿਆਣਾ ਦੇ 1786 ਵਿਦਿਆਰਥੀ ਯੂਕ੍ਰੇਨ ’ਚ ਫਸੇ, ਹੁਣ ਤਕ 91 ਵਿਦਿਆਰਥੀ ਪਰਤੇ ਦੇਸ਼

ਚੰਡੀਗੜ੍ਹ (ਚੰਦਰਸ਼ੇਖਰ ਧਰਨੀ)– ਭਾਰਤ ਸਰਕਾਰ ਨੇ ਯੂਕ੍ਰੇਨ ’ਚ ਪੜ੍ਹ ਰਹੇ ਹਰਿਆਣਾ ਦੇ ਵਿਦਿਆਰਥੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਮੁਤਾਬਕ ਹਰਿਆਣਾ ਦੇ 1786 ਵਿਦਿਆਰਥੀ ਯੂਕ੍ਰੇਨ ’ਚ ਪੜ੍ਹਨ ਲਈ ਗਏ ਹਨ। ਇਹ ਸੂਚੀ ਮਿਲਣ ਮਗਰੋਂ ਸੋਮਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਆਪਣੇ-ਆਪਣੇ ਜ਼ਿਲ੍ਹਿਆਂ ਦੇ ਇਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਲਈ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕਰਨ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਜਾਵੇ ਕਿ ਭਾਰਤ ਸਰਕਾਰ ਅਤੇ ਹਰਿਆਣਾ ਸਰਕਾਰ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਹੁਣ ਤਕ ਯੂਕ੍ਰੇਨ ’ਚ ਫਸੇ ਹਰਿਆਣਾ ਦੇ 91 ਵਿਦਿਆਰਥੀ ਦੇਸ਼ ਪਰਤ ਆਏ ਹਨ।

ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਭਾਰਤ ’ਚ ਪਹਿਲਾਂ ਹੀ 5 ਵਿਸ਼ੇਸ਼ ਉਡਾਣਾਂ ਉਤਰ ਚੁੱਕੀਆਂ ਹਨ। ‘ਆਪਰੇਸ਼ਨ ਗੰਗਾ’ ਮੁਹਿੰਮ ਤਹਿਤ ਹੁਣ ਤਕ 5 ਉਡਾਣਾਂ ਤੋਂ 1156 ਭਾਰਤੀ ਨਾਗਰਿਕ ਯੂਕ੍ਰੇਨ ਤੋਂ ਸੁਰੱਖਿਅਤ ਵਾਪਸ ਪਰਤ ਚੁੱਕੇ ਹਨ। ਅੱਜ ਵੀ ਬੁਡਾਪੇਸਟ (ਹੰਗਰੀ) ਤੋਂ 6ਵੀਂ ਫਲਾਈਟ ਨੇ ‘ਆਪਰੇਸ਼ਨ ਗੰਗਾ’ ਤਹਿਤ ਉਡਾਣ ਭਰੀ ਹੈ, ਜਿਸ ’ਚ 240 ਭਾਰਤੀ ਨਾਗਰਿਕਾਂ ਨੂੰ ਦਿੱਲੀ ਵਾਪਸ ਲਿਆਂਦਾ ਜਾ ਰਿਹਾ ਹੈ। ਓਧਰ ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਬੇਸ਼ੱਕ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਕੁਝ ਸਮਾਂ ਲੱਗ ਸਕਦਾ ਹੈ ਪਰ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਵਚਨਬੱਧ ਹੈ।


author

Tanu

Content Editor

Related News