ਯੂਕ੍ਰੇਨ ਸੰਕਟ ਵਿਚਾਲੇ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰ ਸਕਦੇ ਹਨ ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ
Monday, Mar 28, 2022 - 11:10 PM (IST)
ਨਵੀਂ ਦਿੱਲੀ : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਅਗਲੇ ਇਕ ਹਫ਼ਤੇ ’ਚ ਭਾਰਤ ਆਉਣ ਦੀ ਉਮੀਦ ਹੈ ਅਤੇ ਇਸ ਦੌਰਾਨ ਮੁੱਖ ਫੋਕਸ ਨਵੀਂ ਦਿੱਲੀ ਵੱਲੋਂ ਮਾਸਕੋ ਤੋਂ ਤੇਲ ਤੇ ਫ਼ੌਜੀ ਸਾਜ਼ੋ-ਸਾਮਾਨ ਦੀ ਖਰੀਦ ਲਈ ਭੁਗਤਾਨ ਵਿਧੀ ’ਤੇ ਚਰਚਾ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਇਸ ਘਟਨਾਚੱਕਰ ਨਾਲ ਜੁੜੇ ਲੋਕਾਂ ਨੇ ਸੋਮਵਾਰ ਨੂੰ ਦਿੱਤੀ। ਮਾਸਕੋ ਵੱਲੋਂ 24 ਫਰਵਰੀ ਨੂੰ ਯੂਕ੍ਰੇਨ ਵਿਰੁੱਧ ਫੌਜੀ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਇਹ ਰੂਸ ਵੱਲੋਂ ਭਾਰਤ ਦੀ ਸਭ ਤੋਂ ਉੱਚ ਪੱਧਰੀ ਯਾਤਰਾ ਹੋਵੇਗੀ।
ਪ੍ਰਸਤਾਵਿਤ ਦੌਰੇ ’ਤੇ ਵਿਦੇਸ਼ ਮੰਤਰਾਲੇ ਜਾਂ ਰੂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਪਿਛਲੇ ਕੁਝ ਹਫ਼ਤਿਆਂ ’ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ, ਅਮਰੀਕਾ ਦੇ ਰਾਜਨੀਤਕ ਮਾਮਲਿਆਂ ਦੀ ਵਿਦੇਸ਼ ਮੰਤਰੀ ਵਿਕਟੋਰੀਆ ਨੁਲੈਂਡ ਤੇ ਆਸਟਰੀਆ ਤੇ ਯੂਨਾਨ ਦੇ ਵਿਦੇਸ਼ ਮੰਤਰੀਆਂ ਸਮੇਤ ਭਾਰਤ ਦੇ ਕਈ ਉੱਚ ਪੱਧਰੀ ਦੌਰੇ ਹੋਏ ਹਨ। ਬ੍ਰਿਟਿਸ਼ ਵਿਦੇਸ਼ ਸਕੱਤਰ ਲਿਜ਼ ਟ੍ਰਸ ਵੀਰਵਾਰ ਨੂੰ ਭਾਰਤ ਦੌਰੇ ’ਤੇ ਆਉਣ ਵਾਲੇ ਹਨ।
ਲਾਵਰੋਵ ਦੀ ਪ੍ਰਸਤਾਵਿਤ ਫੇਰੀ ਦੌਰਾਨ ਮੁੱਖ ਫੋਕਸ ਭਾਰਤ ਵੱਲੋਂ ਰੂਸੀ ਕੱਚੇ ਤੇਲ ਅਤੇ ਫੌਜੀ ਉਪਕਰਣਾਂ ਦੀ ਖਰੀਦ ਲਈ ਭੁਗਤਾਨ ਪ੍ਰਣਾਲੀ ’ਤੇ ਹੋਣ ਦੀ ਸੰਭਾਵਨਾ ਹੈ। ਰੂਸ ’ਤੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਨੇ ਉਸ ਦੇਸ਼ ਨੂੰ ਭੁਗਤਾਨ ਕਰਨ ’ਚ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਹਨ। ਪਤਾ ਲੱਗਾ ਹੈ ਕਿ ਦੋਵੇਂ ਧਿਰਾਂ ਰੁਪਏ-ਰੂਬਲ ਭੁਗਤਾਨ ਪ੍ਰਣਾਲੀ ਨੂੰ ਸਰਗਰਮ ਕਰਨ ’ਤੇ ਵਿਚਾਰ ਕਰ ਰਹੀਆਂ ਹਨ। ਕਈ ਹੋਰ ਵੱਡੀਆਂ ਸ਼ਕਤੀਆਂ ਦੇ ਉਲਟ ਭਾਰਤ ਨੇ ਅਜੇ ਤੱਕ ਯੂਕ੍ਰੇਨ ’ਤੇ ਹਮਲੇ ਲਈ ਰੂਸ ਦੀ ਆਲੋਚਨਾ ਨਹੀਂ ਕੀਤੀ ਹੈ ਅਤੇ ਰੂਸੀ ਹਮਲੇ ਦੀ ਨਿੰਦਾ ਕਰਨ ਵਾਲੇ ਮਤਿਆਂ ’ਤੇ ਸੰਯੁਕਤ ਰਾਸ਼ਟਰ ਦੇ ਫੋਰਮਾਂ ’ਤੇ ਵੋਟ ਪਾਉਣ ਤੋਂ ਪ੍ਰਹੇਜ਼ ਕੀਤਾ ਹੈ।