ਪੂਰੀ ਦੁਨੀਆ ਮਾਰਗਦਰਸ਼ਨ ਲਈ ਭਾਰਤ ਵੱਲ ਵੇਖ ਰਹੀ : ਭਾਗਵਤ

Wednesday, Apr 23, 2025 - 12:11 AM (IST)

ਪੂਰੀ ਦੁਨੀਆ ਮਾਰਗਦਰਸ਼ਨ ਲਈ ਭਾਰਤ ਵੱਲ ਵੇਖ ਰਹੀ : ਭਾਗਵਤ

ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਕਿਸੇ ਵੀ ਸੰਗਠਨ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਉਸ ਦੇ ਚਰਿੱਤਰ ਤੇ ਦਿਸ਼ਾ ਦੇ ਬਦਲਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ) ਦੀ ਨਵੀਂ ਦਫ਼ਤਰੀ ਇਮਾਰਤ ਦੇ ਉਦਘਾਟਨ ਦੇ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਜਦੋਂ ਕੋਈ ਸੰਗਠਨ ਛੋਟਾ ਹੁੰਦਾ ਹੈ ਤਾਂ ਇਹ ਸੀਮਤ ਸੋਮਿਆਂ ਨਾਲ ਆਪਣਾ ਕੰਮ ਕਰਦਾ ਹੈ। ਜਦੋਂ ਕੋਈ ਸੰਗਠਨ ਵਧਦਾ ਹੈ ਤਾਂ ਵਧੇਰੇ ਸੋਮਿਆਂ ਦੀ ਲੋੜ ਹੁੰਦੀ ਹੈ। ਹਰੇਕ ਸੰਗਠਨ ਦੀ ਆਪਣੀ ਆਤਮਾ ਤੇ ਆਪਣਾ ਸਰੀਰ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਕਿਸਮਤ ਬਦਲ ਰਹੀ ਹੈ। ਪੂਰੀ ਦੁਨੀਆ ਮਾਰਗਦਰਸ਼ਨ ਲਈ ਭਾਰਤ ਵੱਲ ਦੇਖ ਰਹੀ ਹੈ। ਇਹ ਸਾਡਾ ਫਰਜ਼ ਹੈ ਕਿ ਅਸੀਂ ਪੂਰੀ ਦੁਨੀਆ ਸਾਹਮਣੇ ਸਹੀ ਆਦਰਸ਼ਾਂ ਨੂੰ ਪੇਸ਼ ਕਰੀਏ। ਸਾਡੇ ਕੋਲ ਗਿਆਨ ਹੈ । ਸਾਨੂੰ ਏਕਤਾ ਦੀ ਭਾਵਨਾ ਨਾਲ ਅੱਗੇ ਵਧਣਾ ਪਵੇਗਾ।

ਉਨ੍ਹਾਂ ਕਿਹਾ ਕਿ ਵੱਖ-ਵੱਖ ਭਾਈਚਾਰਿਆਂ, ਭਾਸ਼ਾਵਾਂ, ਜਾਤਾਂ ਤੇ ਉਪ-ਜਾਤੀਆਂ ਦੇ ਲੋਕਾਂ ’ਚ ਏਕਤਾ ਦੀ ਭਾਵਨਾ ਹੀ ਰਾਸ਼ਟਰ ਨਿਰਮਾਣ ਤੇ ਵਿਸ਼ਵ ਭਲਾਈ ਦੇ ਟੀਚਿਆਂ ਨੂੰ ਹਾਸਲ ਕਰਨ ’ਚ ਮਦਦ ਕਰ ਸਕਦੀ ਹੈ।

ਭਾਗਵਤ ਨੇ ਕਿਹਾ ਕਿ ਮੈਂ ਭਾਰਤ ਦੇ ਨੌਜਵਾਨਾਂ ’ਚ ਦੇਸ਼ ਨੂੰ ਮੋਹਰੀ ਰਾਸ਼ਟਰ ਬਣਾਉਣ ਲਈ ਇਕ ਨਵਾਂ ਉਤਸ਼ਾਹ ਵੇਖ ਸਕਦਾ ਹਾਂ। ਸਾਨੂੰ ਆਪਣੇ ਰਾਸ਼ਟਰ ਦੀ ਕਿਸਮਤ ਦਾ ਫੈਸਲਾ ਪੂਰੀ ਤਰ੍ਹਾਂ ਗੈਰ-ਬਸਤੀਵਾਦੀ ਦਿਮਾਗ ਨਾਲ ਕਰਨਾ ਪਵੇਗਾ। ਸਾਨੂੰ ਇਸੇ ਆਧਾਰ ’ਤੇ ਆਪਣੇ ਤਜਰਬੇ ਕਰਨੇ ਪੈਣਗੇ। ਨੌਜਵਾਨਾਂ ’ਚ ਰਾਸ਼ਟਰ ਨਿਰਮਾਣ ਲਈ ਕੰਮ ਕਰਨ ਦਾ ਉਤਸ਼ਾਹ ਹੈ। ਉਨ੍ਹਾਂ ਨੂੰ ਦਿਸ਼ਾ ਅਤੇ ਸਹੀ ਗਿਆਨ ਦੇਣ ਦੀ ਲੋੜ ਹੈ। ਇਹ ਗਿਆਨ ਏਕਤਾ ਤੋਂ ਆਉਂਦਾ ਹੈ।


author

Rakesh

Content Editor

Related News