SUV ਕਾਰ ’ਚੋਂ 2 ਕਰੋੜ ਰੁਪਏ ਜ਼ਬਤ, ਹਿਮਾਚਲ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡੀ ਬਰਾਮਦਗੀ

10/31/2022 3:19:35 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੁਲਸ ਨੂੰ ਇਕ ਵੱਡੀ ਸਫ਼ਲਤਾ ਮਿਲੀ ਹੈ। ਨੂਰਪੁਰ ਪੁਲਸ ਨੇ ਕਾਂਗੜਾ ਜ਼ਿਲ੍ਹੇ ਦੇ ਡਮਤਾਲ ਇਲਾਕੇ ’ਚ ਇਕ SUV ਕਾਰ ’ਚੋਂ ਦੋ ਕਰੋੜ ਰੁਪਏ ਜ਼ਬਤ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਦੋ ਕਰੋੜ ਰੁਪਏ ਦੀ ਨਕਦੀ ਲੈ ਕੇ ਜਾ ਰਹੀ ਗੱਡੀ ਚੰਡੀਗੜ੍ਹ ਨੰਬਰ ਦੀ ਸੀ।

ਡੀ. ਜੀ. ਪੀ. ਸੰਜੇ ਕੁੰਡੂ ਨੇ ਕਿਹਾ ਕਿ ਨੂਰਪੁਰ ਪੁਲਸ ਸੁਪਰਡੈਂਟ ਅਸ਼ੋਕ ਰਤਨ ਅਤੇ ਉਨ੍ਹਾਂ ਦੀ ਟੀਮ ਨੇ ਸੂਬਾਈ ਚੋਣਾਂ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਨਕਦੀ ਬਰਾਮਦ ਕੀਤੀ। ਅਸੀਂ ਇਸ ਨੂੰ ਚੰਡੀਗੜ੍ਹ ਦੇ SUV ਡਰਾਈਵਰ ਹਰਸ਼ਿਤਇੰਦਰ ਪਾਲ ਸਿੰਘ ਤੋਂ ਜ਼ਬਤ ਕੀਤਾ ਹੈ। ਗੱਡੀ ’ਚ ਸਵਾਰ ਦੋ ਨੌਜਵਾਨਾਂ ਤੋਂ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਣ ’ਤੇ ਪੁਲਸ ਨੇ ਨਕਦੀ ਨੂੰ ਜ਼ਬਤ ਕਰ ਲਿਆ।

ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਪੈਸੇ ਨੂੰ ਚੰਡੀਗੜ੍ਹ ਤੋਂ ਹਿਮਾਚਲ ’ਚ ਹੋ ਰਹੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਲਿਆਂਦਾ ਗਿਆ ਸੀ। ਪੁਲਸ ਵਲੋਂ ਫੜੇ ਗਏ ਨੌਜਵਾਨਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਪੈਸਾ ਕਿੱਥੋਂ ਲਿਆਂਦਾ ਗਿਆ ਅਤੇ ਕਿੱਥੇ ਲਿਜਾਇਆ ਜਾ ਰਿਹਾ ਸੀ।

ਦੱਸਣਯੋਗ ਹੈ ਕਿ ਡੀ. ਜੀ. ਪੀ. ਸੰਜੇ ਕੁੰਡੂ ਨੇ ਕਿਹਾ ਕਿ ਪੁਲਸ ਸੂਬੇ ’ਚ ਆ ਰਹੀ ਗੈਰ-ਕਾਨੂੰਨੀ ਨਕਦੀ ਨੂੰ ਰੋਕਣ ਲਈ ਐਂਟਰੀ ਪੁਆਇੰਟ ’ਤੇ ਚੌਕਸੀ ਤੇਜ਼ ਕਰ ਦਿੱਤੀ ਹੈ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬਾ ਪੁਲਸ ਨੇ ਸੂਬੇ ’ਚ ਆ ਰਹੀ ਗੈਰ-ਕਾਨੂੰਨੀ ਨਕਦੀ ਦੀ ਜਾਂਚ ਲਈ 238 ਫਲਾਇੰਗ ਸਕੁਐਡ ਅਤੇ 238 ਸਥਿਰ ਨਿਗਰਾਨੀ ਟੀਮਾਂ ਤਾਇਨਾਤ ਕੀਤੀਆਂ ਹਨ।


Tanu

Content Editor

Related News