1500 ਤੋਂ ਵੱਧ ਬੱਚਿਆਂ ਦੀ ਜਾਨ ਬਚਾਉਣ ਵਾਲੀ RPF ਇੰਸਪੈਕਟਰ ਨੂੰ ਮਿਲਿਆ ਵੱਕਾਰੀ ਸਨਮਾਨ
Sunday, Jan 18, 2026 - 11:56 AM (IST)
ਲਖਨਊ/ਮੇਰਠ- ਰੇਲਵੇ ਸੁਰੱਖਿਆ ਫੋਰਸ (RPF) ਦੀ ਇੰਸਪੈਕਟਰ ਚੰਦਨਾ ਸਿਨਹਾ ਉੱਤਰ ਪ੍ਰਦੇਸ਼ ਦੇ ਰੇਲਵੇ ਨੈੱਟਵਰਕ 'ਤੇ ਗੁੰਮ ਹੋਏ ਅਤੇ ਤਸਕਰੀ ਦਾ ਸ਼ਿਕਾਰ ਹੋ ਰਹੇ ਬੱਚਿਆਂ ਲਈ ਇਕ ਉਮੀਦ ਦੀ ਕਿਰਨ ਬਣ ਕੇ ਉਭਰੀ ਹੈ। ਪਿਛਲੇ ਤਿੰਨ ਸਾਲਾਂ ਦੌਰਾਨ, ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਰੇਲਵੇ ਨੈੱਟਵਰਕ ਤੋਂ 1,500 ਤੋਂ ਵੱਧ ਬੱਚਿਆਂ ਨੂੰ ਬਚਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦੀਆਂ ਇਨ੍ਹਾਂ ਸ਼ਾਨਦਾਰ ਸੇਵਾਵਾਂ ਲਈ ਭਾਰਤੀ ਰੇਲਵੇ ਨੇ ਚੰਦਨਾ 9 ਜਨਵਰੀ ਨੂੰ ਦਿੱਲੀ ਵਿਖੇ ਆਪਣੇ ਸਰਵਉੱਚ ਸੇਵਾ ਸਨਮਾਨ ‘ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਹੈ।
ਪੰਜਾਬ ਅਤੇ ਹਰਿਆਣਾ ਦੇ ਤਸਕਰੀ ਰੂਟਾਂ 'ਤੇ ਸਖ਼ਤ ਨਜ਼ਰ
ਚੰਦਨਾ ਸਿਨਹਾ, ਜੋ ਲਖਨਊ ਦੇ ਚਾਰਬਾਗ ਸਟੇਸ਼ਨ ਤੋਂ ਕੰਮ ਕਰਦੀ ਹੈ, ਨੇ ‘ਆਪ੍ਰੇਸ਼ਨ ਨੰਨ੍ਹੇ ਫਰਿਸ਼ਤੇ’ ਤਹਿਤ ਬੱਚਿਆਂ ਦੀ ਸੁਰੱਖਿਆ ਲਈ ਇਕ ਮਜ਼ਬੂਤ ਸਿਸਟਮ ਤਿਆਰ ਕੀਤਾ ਹੈ। ਉਨ੍ਹਾਂ ਦੀ ਟੀਮ ਵਿਸ਼ੇਸ਼ ਤੌਰ 'ਤੇ ਬਿਹਾਰ ਤੋਂ ਪੰਜਾਬ ਅਤੇ ਹਰਿਆਣਾ ਵੱਲ ਜਾਣ ਵਾਲੇ ਤਸਕਰੀ ਦੇ ਰੂਟਾਂ 'ਤੇ ਨਜ਼ਰ ਰੱਖਦੀ ਹੈ, ਜਿੱਥੇ 13 ਤੋਂ 15 ਸਾਲ ਦੇ ਬੱਚਿਆਂ ਨੂੰ ਕੰਮ ਦਾ ਝਾਂਸਾ ਦੇ ਕੇ ਲਿਜਾਇਆ ਜਾਂਦਾ ਹੈ। ਸਾਲ 2024 'ਚ, ਚੰਦਨਾ ਦੀ ਟੀਮ ਨੇ 494 ਬੱਚਿਆਂ ਨੂੰ ਬਚਾਇਆ, ਜਿਨ੍ਹਾਂ 'ਚੋਂ 152 ਬੱਚਿਆਂ ਨੂੰ ਚੰਦਨਾ ਨੇ ਨਿੱਜੀ ਤੌਰ 'ਤੇ ਰੈਸਕਿਊ ਕੀਤਾ। ਇਸੇ ਤਰ੍ਹਾਂ ਸਾਲ 2025 'ਚ ਉਨ੍ਹਾਂ ਦੀ ਟੀਮ ਨੇ 1,032 ਬੱਚਿਆਂ ਨੂੰ ਸੁਰੱਖਿਅਤ ਬਚਾਇਆ ਹੈ।
ਕਿਵੇਂ ਕਰਦੇ ਹਨ ਪਛਾਣ?
ਚੰਦਨਾ ਅਨੁਸਾਰ, ਬੱਚਿਆਂ ਨੂੰ ਬਚਾਉਣ ਦੀ ਸ਼ੁਰੂਆਤ ਪਲੇਟਫਾਰਮ 'ਤੇ ਬੱਚੇ ਦੀ ਚੁੱਪ ਅਤੇ ਉਸ ਦੇ ਨਾਲ ਮੌਜੂਦ ਵਿਅਕਤੀ ਦੇ ਹਾਵ-ਭਾਵ ਦੇਖ ਕੇ ਹੁੰਦੀ ਹੈ। ਉਨ੍ਹਾਂ ਦੀ ਟੀਮ ਅਜਿਹੇ ਬੱਚਿਆਂ ਦੀ ਪਛਾਣ ਕਰਦੀ ਹੈ ਜੋ ਇਕੱਲੇ ਬੈਠੇ ਹੋਣ ਜਾਂ ਕਿਸੇ ਅਜਿਹੇ ਵਿਅਕਤੀ ਨਾਲ ਹੋਣ ਜਿਸ ਨਾਲ ਉਨ੍ਹਾਂ ਦਾ ਮੇਲ ਨਾ ਖਾਂਦਾ ਹੋਵੇ। ਕਈ ਵਾਰ ਬੱਚੇ ਡਰੇ ਹੁੰਦੇ ਹਨ ਅਤੇ ਸੱਚ ਦੱਸਣ 'ਚ ਕਈ ਘੰਟੇ ਲਗਾ ਦਿੰਦੇ ਹਨ। ਇੰਨਾ ਹੀ ਨਹੀਂ, ਕਈ ਵਾਰ ਮਾਪਿਆਂ ਨੂੰ ਵੀ ਸਮਝਾਉਣਾ ਪੈਂਦਾ ਹੈ ਜੋ ‘ਇੱਜ਼ਤ’ ਦੇ ਡਰੋਂ ਕੇਸ ਦਰਜ ਕਰਵਾਉਣ ਤੋਂ ਝਿਜਕਦੇ ਹਨ।
ਟੀਵੀ ਸੀਰੀਅਲ ‘ਉਡਾਨ’ ਤੋਂ ਮਿਲੀ ਪ੍ਰੇਰਨਾ
41 ਸਾਲਾ ਚੰਦਨਾ ਸਿਨਹਾ ਨੇ ਦੱਸਿਆ ਕਿ ਉਹ 1980 ਦੇ ਦਹਾਕੇ ਦੇ ਮਸ਼ਹੂਰ ਟੀਵੀ ਸੀਰੀਅਲ ‘ਉਡਾਨ’ (ਜੋ ਆਈ.ਪੀ.ਐੱਸ. ਅਧਿਕਾਰੀ ਕਲਿਆਣੀ ਸਿੰਘ 'ਤੇ ਅਧਾਰਿਤ ਸੀ) ਤੋਂ ਪ੍ਰੇਰਿਤ ਹੋ ਕੇ 2010 'ਚ RPF 'ਚ ਭਰਤੀ ਹੋਈ ਸੀ। ਉਹ ਇਕ 11 ਸਾਲ ਦੀ ਧੀ ਦੀ ਮਾਂ ਵੀ ਹੈ ਅਤੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ। ਸੀਨੀਅਰ ਅਧਿਕਾਰੀਆਂ ਅਨੁਸਾਰ, ਚੰਦਨਾ ਨੇ ਇਕ ਅਜਿਹੀ ਟੀਮ ਬਣਾਈ ਹੈ ਜੋ ਸਿਰਫ ਨਿਗਰਾਨੀ ਹੀ ਨਹੀਂ, ਸਗੋਂ ਆਪਣੀ ਮੌਜੂਦਗੀ ਅਤੇ ਤਜ਼ਰਬੇ ਨਾਲ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
