ਕਿਰਾਏਦਾਰ ਨੇ ਖ਼ਾਲੀ ਕੀਤਾ ਮਕਾਨ, ਮਾਲਕ ਨੇ 6 ਮਹੀਨੇ ਬਾਅਦ ਖੋਲ੍ਹਿਆ ਕਮਰਾ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
Friday, Jan 10, 2025 - 07:45 PM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਦੇਵਾਸ ਵਿੱਚ ਇੱਕ ਔਰਤ ਦੀ ਸੜੀ ਹੋਈ ਲਾਸ਼ ਫਰਿੱਜ ਵਿੱਚੋਂ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਬਾਈਪਾਸ 'ਤੇ ਸਥਿਤ ਵਰਿੰਦਾਵਨ ਧਾਮ ਕਲੋਨੀ ਦੇ ਇੱਕ ਘਰ ਵਿੱਚੋਂ ਇੱਕ ਔਰਤ ਦੀ ਇਹ ਲਾਸ਼ ਬਰਾਮਦ ਹੋਈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਘਰ ਦੇ ਇੱਕ ਕਮਰੇ ਵਿੱਚੋਂ ਤੇਜ਼ ਬਦਬੂ ਆਉਣ ਲੱਗੀ।
ਘਰ ਵਿੱਚ ਰਹਿਣ ਵਾਲੇ ਕਿਰਾਏਦਾਰ ਬਲਵੀਰ ਸਿੰਘ ਨੇ ਇਸ ਬਾਰੇ ਮਕਾਨ ਮਾਲਕ ਅਤੇ ਸਥਾਨਕ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਅਤੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੇ ਔਰਤ ਦੀ ਲਾਸ਼ ਫਰਿੱਜ ਦੇ ਅੰਦਰ ਪਈ ਦੇਖੀ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਫੋਰੈਂਸਿਕ ਸਾਇੰਸ ਲੈਬ (FSL) ਟੀਮ ਨੂੰ ਤੁਰੰਤ ਬੁਲਾਇਆ ਗਿਆ, ਜਿਸਨੇ ਕਮਰੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਲਾਸ਼ ਦੀ ਹਾਲਤ ਦੇਖ ਕੇ ਸ਼ੱਕ ਹੈ ਕਿ ਔਰਤ ਦਾ ਕਤਲ ਕਰਕੇ ਉਸਦੀ ਲਾਸ਼ ਫਰਿੱਜ ਵਿੱਚ ਲੁਕਾ ਦਿੱਤੀ ਗਈ ਸੀ।
ਪੁਰਾਣੇ ਕਿਰਾਏਦਾਰ 'ਤੇ ਸ਼ੱਕ
ਦੱਸਿਆ ਜਾ ਰਿਹਾ ਹੈ ਕਿ ਘਰ ਦੇ ਪੁਰਾਣੇ ਕਿਰਾਏਦਾਰ ਸੰਜੇ ਪਾਟੀਦਾਰ ਨੇ ਜੂਨ ਮਹੀਨੇ ਵਿੱਚ ਘਰ ਖਾਲੀ ਕਰ ਦਿੱਤਾ ਸੀ। ਹਾਲਾਂਕਿ, ਉਸਨੇ ਆਪਣਾ ਕੁਝ ਸਮਾਨ, ਜਿਸ ਵਿੱਚ ਇਹ ਫਰਿੱਜ ਵੀ ਸ਼ਾਮਲ ਸੀ, ਕਮਰੇ ਵਿੱਚ ਛੱਡ ਦਿੱਤਾ ਸੀ। ਹੁਣ ਉਸੇ ਫਰਿੱਜ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਪੁਲਸ ਨੂੰ ਸ਼ੱਕ ਹੈ ਕਿ ਪੁਰਾਣੇ ਕਿਰਾਏਦਾਰ ਨੇ ਇਹ ਕਤਲ ਕੀਤਾ ਹੋ ਸਕਦਾ ਹੈ।
ਉਥੇ ਹੀ ਦੂਜੇ ਕਿਰਾਏਦਾਰ ਬਲਵੀਰ ਸਿੰਘ, ਜੋ ਘਰ ਦੇ ਦੂਜੇ ਹਿੱਸੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ, ਨੇ ਕਿਹਾ ਕਿ ਬਦਬੂ ਇੰਨੀ ਤੇਜ਼ ਸੀ ਕਿ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ। ਇਸ ਕਾਰਨ ਉਸਨੇ ਮਕਾਨ ਮਾਲਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਜਿਸਨੇ ਪੁਲਸ ਨੂੰ ਸੂਚਿਤ ਕੀਤਾ।
ਜਾਂਚ 'ਚ ਜੁਟੀ ਪੁਲਸ
ਪੁਲਸ ਅਤੇ ਐੱਫਐੱਸਐੱਲ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਪੁਲਸ ਔਰਤ ਦੀ ਪਛਾਣ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਮਕਾਨ ਮਾਲਕ ਅਤੇ ਹੋਰ ਸਥਾਨਕ ਨਿਵਾਸੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਸੰਜੇ ਪਾਟੀਦਾਰ ਅਤੇ ਮ੍ਰਿਤਕ ਔਰਤ ਦੇ ਸਬੰਧਾਂ ਦੀ ਵੀ ਜਾਂਚ ਕਰੇਗੀ ਤਾਂ ਜੋ ਘਟਨਾ ਨਾਲ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।