ਆਸਾਮ CM ਨੇ ਕਹੀ ਵੱਡੀ ਗੱਲ, ਭਾਰਤ ''ਚ ਕਈ ਗੁਣਾ ਵੱਧ ਗਈ ਹੈ ਰੋਹਿੰਗੀਆ ਘੁਸਪੈਠ

Thursday, Aug 01, 2024 - 10:50 AM (IST)

ਆਸਾਮ CM ਨੇ ਕਹੀ ਵੱਡੀ ਗੱਲ, ਭਾਰਤ ''ਚ ਕਈ ਗੁਣਾ ਵੱਧ ਗਈ ਹੈ ਰੋਹਿੰਗੀਆ ਘੁਸਪੈਠ

ਗੁਹਾਟੀ (ਭਾਸ਼ਾ)- ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ 'ਚ ਰੋਹਿੰਗੀਆ ਘੁਸਪੈਠ ਕਾਫ਼ੀ ਵੱਧ ਗਈ ਹੈ ਅਤੇ ਜਨਸੰਖਿਆ 'ਚ ਤਬਦੀਲੀ ਆਉਣ ਦਾ ਖ਼ਤਰਾ ਅਸਲ 'ਚ ਹੋਰ ਗੰਭੀਰ ਹੈ। ਸ਼ਰਮਾ ਨੇ ਕਿਹਾ,''ਰੋਹਿੰਗੀਆ ਲਗਾਤਾਰ ਭਾਰਤ-ਬੰਗਲਾਦੇਸ਼ ਸਰਹੱਦ ਦਾ ਇਸਤੇਮਾਲ ਕਰ ਕੇ ਭਾਰਤ 'ਚ ਆ ਰਹੇ ਹਨ ਅਤੇ ਕਈ ਸੂਬੇ ਜਨਸੰਖਿਆ ਤਬਦੀਲੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਆਸਾਮ, ਭਾਰਤ-ਬੰਗਾਲਦੇਸ਼ ਸਰਹੱਦ ਦੇ ਸਿਰਫ਼ ਇਕ ਹਿੱਸੇ ਦੀ ਪਹਿਰੇਦਾਰੀ ਕਰ ਰਿਹਾ ਹੈ ਪਰ ਇਕ ਵੱਡਾ ਖੇਤਰ ਅਜੇ ਵੀ ਖੁੱਲ੍ਹਾ ਹੈ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਪੱਛਮੀ ਬੰਗਾਲ ਅਤੇ ਝਾਰਖੰਡ ਸਰਕਾਰਾਂ ਇਨ੍ਹਾਂ ਘੁਸਪੈਠੀਆਂ ਦੇ ਪ੍ਰਤੀ ਨਰਮ ਰੁਖ ਅਪਣਾ ਰਹੀਆਂ ਹਨ ਅਤੇ ਇਸ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਹੈ।

ਸ਼ਰਮਾ ਨੇ ਕਿਹਾ,''ਪੱਛਮੀ ਬੰਗਾਲ ਦੀ ਮੁੱਖ ਮੰਤਰੀ (ਮਮਤਾ ਬੈਨਰਜੀ) ਨੇ ਬਿਆਨ ਦਿੱਤਾ ਸੀ ਕਿ ਸੂਬਾ ਬੰਗਲਾਦੇਸ਼ ਤੋਂ ਆਉਣ ਵਾਲਿਆਂ ਨੂੰ ਸ਼ਰਨ ਦੇਵੇਗਾ, ਜਿਸ ਦਾ ਗੁਆਂਢੀ ਦੇਸ਼ ਦੀ ਸਰਕਾਰ ਨੇ ਵੀ ਸਮਰਥਨ ਨਹੀਂ ਕੀਤਾ।'' ਉਨ੍ਹਾਂ ਕਿਹਾ ਕਿ ਆਸਾਮ ਅਤੇ ਤ੍ਰਿਪੁਰਾ ਸਰਕਾਰਾਂ ਨੇ ਇਸ ਮਾਮਲੇ 'ਚ ਸਖ਼ਤ ਕਦਮ ਚੁੱਕੇ ਹਨ ਅਤੇ ਦੋਵੇਂ ਸੂਬਿਆਂ ਦੀ ਪੁਲਸ ਨੇ ਕਈ ਮੌਕਿਆਂ 'ਤੇ ਕਈ ਰੋਹਿੰਗੀਆ ਘੁਸਪੈਠੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ,''ਆਸਾਮ ਹੁਣ ਰੋਹਿੰਗੀਆ ਲਈ ਸੁਰੱਖਿਅਤ ਪਨਾਹਗਾਹ ਨਹੀਂ ਰਿਹਾ, ਕਿਉਂਕਿ ਅਸੀਂ ਨਰਮ ਨੀਤੀ ਨਹੀਂ ਅਪਣਾਉਂਦੇ। ਸਾਡੀ ਸਥਿਤੀ ਪੱਛਮੀ ਬੰਗਾਲ ਅਤੇ ਝਾਰਖੰਡ ਨਾਲੋਂ ਬਿਹਤਰ ਹੈ। ਆਸਾਮ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ 'ਚ ਆਉਣ ਦੇ ਬਾਅਦ ਤੋਂ ਸਥਿਤੀ ਖ਼ਰਾਬ ਨਹੀਂ ਹੋਈ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News