ਹਸੀਨਾ ਨੂੰ ਮੋਦੀ ਨੇ ਕਿਹਾ-ਲੰਬੇ ਸਮੇਂ ਤੱਕ ਨਹੀਂ ਰੱਖੇ ਜਾ ਸਕਦੇ ਰੋਹਿੰਗਿਆ

10/05/2019 11:58:50 PM

ਨਵੀਂ ਦਿੱਲੀ— ਰੋਹਿੰਗਿਆ ਸ਼ਰਨਾਰਥੀਆਂ ਦੇ ਮੁੱਦੇ 'ਤੇ ਭਾਰਤ ਨੇ ਬੰਗਲਾਦੇਸ਼ ਨੂੰ ਕਿਹਾ ਹੈ ਕਿ ਸਾਨੂੰ ਉਨ੍ਹਾਂ ਨੂੰ ਇਹ ਸਮਝਾਉਣਾ ਹੋਵੇਗਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਕਿਸੇ ਦੂਸਰੇ ਦੇਸ਼ ਵਿਚ ਨਹੀਂ ਰੱਖਿਆ ਜਾ ਸਕਦਾ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਗੱਲਬਾਤ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁੱਦੇ 'ਤੇ ਚਰਚਾ ਕਰਦੇ ਹੋਏ ਇਹ ਗੱਲ ਕਹੀ।
ਸਰਕਾਰੀ ਸੂਤਰਾਂ ਮੁਤਾਬਕ ਉਨ੍ਹਾਂ ਨੇ ਰੋਹਿੰਗਿਆ ਸ਼ਰਨਾਰਥੀਆਂ ਲਈ ਬੰਗਲਾਦੇਸ਼ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਮੋਦੀ ਨੇ ਕਿਹਾ ਕਿ ਅਸੀਂ ਵੀ ਰੋਹਿਗਿਆ ਸ਼ਰਨਾਰਥੀਆਂ ਦੀ ਸਮਾਜਿਕ ਅਤੇ ਆਰਥਿਕ ਮਦਦ ਕੀਤੀ ਹੈ ਅਤੇ ਭਾਰਤ ਹੁਣ ਤੱਕ ਉਨ੍ਹਾਂ 'ਤੇ 120 ਕਰੋੜ ਰੁਪਏ ਖਰਚ ਕਰ ਚੁੱਕਾ ਹੈ।
ਮੋਦੀ ਨੇ ਕਿਹਾ ਕਿ ਸਾਨੂੰ ਮਿਲ ਕੇ ਰੋਹਿੰਗਿਆ ਸ਼ਰਨਾਰਥੀਆਂ ਨੂੰ ਸਮਝਾਉਣਾ ਪਵੇਗਾ ਕਿ ਉਨ੍ਹਾਂ ਦੇ ਹਿੱਤ ਵਿਚ ਇਹੀ ਹੈ ਕਿ ਉਹ ਮਿਆਂਮਾਰ ਵਾਪਸ ਪਰਤ ਜਾਣ। ਲੰਬੇ ਸਮੇਂ ਤੱਕ ਉਹ ਦੂਸਰੇ ਦੇਸ਼ ਵਿਚ ਅਜਿਹੇ ਹਾਲਾਤ ਵਿਚ ਨਹੀਂ ਰਹਿ ਸਕਦੇ। ਇਸ ਦੌਰਾਨ ਸ਼ੇਖ ਹਸੀਨਾ ਨੇ ਪੀ. ਐੱਮ. ਮੋਦੀ ਨੂੰ ਬੰਗਲਾਦੇਸ਼ ਵਲੋਂ ਰੋਹਿੰਗਿਆ ਸ਼ਰਨਾਰਥੀਆਂ ਨੂੰ ਵਾਪਸੀ ਲਈ ਰਾਜ਼ੀ ਕਰਨ ਦੇ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ। ਦੋਵਾਂ ਨੇਤਾਵਾਂ ਨੇ ਵਾਰਤਾ ਤੋਂ ਬਾਅਦ ਸ਼ਨੀਵਾਰ ਨੂੰ 7 ਸਮਝੌਤਿਆਂ 'ਤੇ ਦਸਤਖਤ ਕੀਤੇ। ਇਸ ਦੌਰਾਨ 3 ਪ੍ਰਾਜੈਕਟਾਂ ਦਾ ਸ਼ੁੱਭਆਰੰਭ ਵੀ ਕੀਤਾ ਗਿਆ। ਇਨ੍ਹਾਂ ਵਿਚੋਂ ਇਕ ਪ੍ਰਾਜੈਕਟ ਬੰਗਲਾਦੇਸ਼ ਤੋਂ ਐੱਲ. ਪੀ. ਜੀ. ਦੀ ਦਰਾਮਦ ਨਾਲ ਸਬੰਧਤ ਹੈ। ਦਰਾਮਦੀ ਐੱਲ. ਪੀ. ਜੀ. ਦੀ ਭਾਰਤ ਦੇ ਉੱਤਰ ਪੂਰਬ ਸੂਬਿਆਂ ਵਿਚ ਵੰਡ ਕੀਤੀ ਜਾਏਗੀ। ਮੋਦੀ ਅਤੇ ਹਸੀਨਾ ਵਿਚਾਲੇ ਵਾਰਤਾ ਤੋਂ ਬਾਅਦ ਦੋਵਾਂ ਦੇਸ਼ਾਂ ਨੇ 7 ਸਮਝੌਤਿਆਂ 'ਤੇ ਦਸਤਖਤ ਕੀਤੇ ਜੋ ਜਲ ਸੋਮਿਆਂ, ਯੁਵਾ ਮਾਮਲਿਆਂ, ਸੰਸਕ੍ਰਿਤੀ, ਸਿੱਖਿਆ ਅਤੇ ਸਮੁੰਦਰੀ ਕੰਢਿਆਂ ਦੀ ਨਿਗਰਾਨੀ ਨਾਲ ਸਬੰਧਤ ਹਨ।

ਬੰਗਲਾਦੇਸ ਨੇ ਐੱਨ. ਆਰ. ਸੀ. ਦਾ ਮੁੱਦਾ ਉਠਾਇਆ
ਇਸ ਦੌਰਾਨ ਬੰਗਲਾਦੇਸ਼ ਨੇ ਐੱਨ. ਆਰ. ਸੀ. ਦੇ ਮੁੱਦੇ ਨੂੰ ਵੀ ਉਠਾਇਆ। ਇਸ 'ਤੇ ਭਾਰਤ ਸਰਕਾਰ ਨੇ ਕਿਹਾ ਕਿ ਅਜੇ ਵੀ ਇਹ ਪ੍ਰਕਿਰਿਆ ਚੱਲ ਰਹੀ ਹੈ ਅਤੇ ਦੇਖਣਾ ਹੋਵੇਗਾ ਕਿ ਅੱਗੇ ਕੀ ਹਾਲਾਤ ਪੈਦਾ ਹੁੰਦੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਵਿਚ ਦੱਸਿਆ ਕਿ ਐੱਨ. ਆਰ. ਸੀ. ਨੂੰ ਲੈ ਕੇ ਅਸੀਂ ਇਹ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮ 'ਤੇ ਅਜਿਹਾ ਚੱਲ ਰਿਹਾ ਹੈ।


KamalJeet Singh

Content Editor

Related News