ਰੋਡਵੇਜ਼ ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
Monday, Dec 09, 2024 - 11:56 AM (IST)
ਕੈਥਲ- ਰੋਡਵੇਜ਼ ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਦਰਅਸਲ ਰੋਡਵੇਜ਼ ਦੀਆਂ ਬੱਸਾਂ ਰੂਟਾਂ 'ਤੇ ਨਾ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਯਾਨੀ ਕਿ 9 ਦਸੰਬਰ ਨੂੰ ਪਾਨੀਪਤ ਵਿਚ ਰੈਲੀ ਹੋਵੇਗੀ, ਜਿਸ ਵਿਚ ਕੈਥਲ ਡਿਪੋ ਤੋਂ ਰੋਡਵੇਜ਼ ਦੀਆਂ 99 ਬੱਸਾਂ ਵੱਖ-ਵੱਖ ਪਿੰਡਾਂ ਤੋਂ ਰੈਲੀ ਵਾਲੀ ਥਾਂ 'ਤੇ ਪਹੁੰਚਣਗੀਆਂ। ਅਜਿਹੇ ਵਿਚ ਜਿਨ੍ਹਾਂ ਰੂਟਾਂ ਤੋਂ ਇਨ੍ਹਾਂ ਬੱਸਾਂ ਨੂੰ ਰੈਲੀ ਵਿਚ ਭੇਜਿਆ ਜਾਵੇਗਾ, ਉੱਥੇ ਬੱਸ ਸੇਵਾਵਾਂ ਘੱਟ ਹੋਣਗੀਆਂ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਯਾਤਰੀਆਂ ਨੇ ਜਤਾਇਆ ਇਤਰਾਜ਼
ਕੈਥਲ ਡਿਪੋ ਵਿਚ ਮੌਜੂਦਾ ਸਮੇਂ 192 ਰੋਡਵੇਜ਼ ਬੱਸਾਂ ਹਨ, ਜਿਨ੍ਹਾਂ ਵਿਚੋਂ 15 ਦੇ ਲੱਗਭਗ ਬੱਸਾਂ ਸਰਵਿਸ ਲਈ ਵਰਕਸ਼ਾਪ ਵਿਚ ਖੜ੍ਹੀਆਂ ਹਨ। ਕੁਝ ਬੱਸਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਅਜਿਹੇ ਵਿਚ ਯਾਤਰੀਆਂ ਨੂੰ ਅਸੁਵਿਧਾ ਹੋਣੀ ਤੈਅ ਹੈ। ਹਾਲਾਂਕਿ ਰੈਲੀ ਵਾਲੀ ਥਾਂ ਵਿਚ ਰੋਡਵੇਜ਼ ਬੱਸਾਂ ਨੂੰ ਭੇਜੇ ਜਾਣ 'ਤੇ ਯਾਤਰੀਆਂ ਨੇ ਇਤਰਾਜ਼ ਜਤਾਇਆ ਹੈ। ਜੀਂਦ, ਪਿਹੋਵਾ, ਕੁਰੂਕਸ਼ੇਤਰ, ਕਰਨਾਲ, ਸਿਰਸਾ, ਹਿਸਾਰ, ਫਤਿਹਾਬਾਦ, ਚੰਡੀਗੜ੍ਹ, ਦਿੱਲੀ, ਉਚਾਨਾ, ਕਰੋੜਾ, ਰਾਜੌਂਦ, ਬਾਲੂ ਸਮੇਤ ਕਈ ਰੂਟਾਂ 'ਤੇ ਜਾਣ ਵਾਲੇ ਯਾਤਰੀਆਂ ਨੂੰ ਦਿੱਕਤ ਪੇਸ਼ ਆ ਸਕਦੀ ਹੈ।
ਪ੍ਰਧਾਨ ਮੰਤਰੀ ਮੋਦੀ ਦਾ ਪਾਨੀਪਤ ਦੌਰਾ, ਔਰਤਾਂ ਲਈ ਕਰਨਗੇ ਖ਼ਾਸ ਐਲਾਨ
ਦੱਸ ਦੇਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਪਾਨੀਪਤ ਦੀ ਇਤਿਹਾਸਕ ਨਗਰੀ ਤੋਂ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਵੱਡਾ ਐਲਾਨ ਕਰਨਗੇ। ਪ੍ਰਧਾਨ ਮੰਤਰੀ ਪਾਨੀਪਤ ਵਿਚ ਬੀਮਾ ਸਖੀ ਯੋਜਨਾ ਲਾਂਚ ਕਰਨਗੇ। ਇਸ ਯੋਜਨਾ ਦਾ ਮਕਸਦ ਔਰਤਾਂ ਨੂੰ ਮਜ਼ਬੂਤ ਬਣਾਉਣਾ ਹੈ। ਸਾਲ 2015 'ਚ ਪਾਨੀਪਤ ਦੀ ਇਤਿਹਾਸਕ ਧਰਤੀ ਤੋਂ ਬੇਟੀ ਬਚਾਓ-ਬੇਟੀ ਪੜ੍ਹਾਓ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਪ੍ਰਧਾਨ ਮੰਤਰੀ ਦੀ ਇਸ ਆਵਾਜ਼ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਯੋਜਨਾ ਨੂੰ ਪੂਰੇ ਦੇਸ਼ ਵਿਚ ਇਕ ਜਨ ਅੰਦੋਲਨ ਬਣਾ ਦਿੱਤਾ ਸੀ। ਹੁਣ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧੀਆਂ ਦੇ ਸਸ਼ਕਤੀਕਰਨ ਨੂੰ ਲੈ ਕੇ ਵੱਡਾ ਐਲਾਨ ਕਰਨਗੇ। ਇਸ ਨਾਲ ਹਰਿਆਣਾ ਸਮੇਤ ਦੇਸ਼ ਭਰ ਦੀਆਂ ਧੀਆਂ ਨੂੰ ਫਾਇਦਾ ਹੋਵੇਗਾ।