ਪਹਿਲਾਂ ਢਾਬੇ ''ਤੇ ਭਰਾਵਾਂ ਨੇ ਇਕੱਠਿਆਂ ਪੀਤੀ ਸ਼ਰਾਬ, ਫਿਰ ਵਿਵਾਦ ਮਗਰੋਂ...
Tuesday, Mar 04, 2025 - 04:41 PM (IST)

ਸੋਨੀਪਤ- ਸੋਨੀਪਤ ਤੋਂ ਲੰਘਣ ਵਾਲੇ ਨੈਸ਼ਨਲ ਹਾਈਵੇਅ-44 'ਤੇ ਇਕ ਢਾਬੇ 'ਤੇ ਸ਼ਰਾਬ ਦੇ ਨਸ਼ੇ ਵਿਚ ਇਕ ਭਰਾ ਨੇ ਦੂਜੇ ਭਰਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਦੋਸ਼ੀ ਨੇ ਆਪਣੇ ਹੀ ਭਰਾ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਦੇ ਪ੍ਰਾਈਵੇਟ ਪਾਰਟ 'ਤੇ ਹਮਲਾ ਕੀਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੰਚਕੂਲਾ ਵਾਸੀ ਰਾਜੂ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੰਚਕੂਲਾ ਜ਼ਿਲ੍ਹੇ ਦੇ ਪਿੰਡ ਮੌਲੀ ਜਾਗਰਾ ਵਾਸੀ 38 ਸਾਲਾ ਰਾਜੂ ਅਤੇ ਉਸ ਦਾ ਛੋਟਾ ਭਰਾ ਰਾਜੇਸ਼ ਟਰੱਕ ਚਲਾਉਂਦੇ ਹਨ। ਦੋਵੇਂ ਭਰਾ ਆਪਣੇ ਟਰੱਕ ਵਿਚ ਸਾਮਾਨ ਭਰ ਕੇ ਪੰਜਾਬ ਦੇ ਮੋਹਾਲੀ ਤੋਂ ਯੂ. ਪੀ. ਦੇ ਗਾਜ਼ੀਆਬਾਦ ਜਾ ਰਹੇ ਸਨ। ਦੋਹਾਂ ਨੇ ਮੁਰਥਲ ਕੋਲ ਇਕ ਢਾਬੇ ਸਾਹਮਣੇ ਆਪਣਾ ਟਰੱਕ ਰੋਕਿਆ। ਦੋਹਾਂ ਨੇ ਖੂਬ ਸ਼ਰਾਬ ਪੀਤੀ ਫਿਰ ਬਾਅਦ ਵਿਚ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚ ਝਗੜਾ ਹੋ ਗਿਆ।
ਇਸ ਦੌਰਾਨ ਛੋਟੇ ਭਰਾ ਰਾਜੇਸ਼ ਨੇ ਆਪਣੇ ਵੱਡੇ ਭਰਾ ਰਾਜੂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਨੇ ਜ਼ਮੀਨ 'ਤੇ ਸੁੱਟ ਕੇ ਪ੍ਰਾਈਵੇਟ ਪਾਰਟ 'ਤੇ ਕਈ ਵਾਰ ਲੱਤਾਂ ਮਾਰੀਆਂ। ਜਿਸ ਕਾਰਨ ਰਾਜੂ ਬੇਸੁੱਧ ਹੋ ਗਿਆ। ਢਾਬਾ ਕਰਮੀਆਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚ ਕੇ ਡਾਇਲ-112 ਦੀ ਟੀਮ ਨੇ ਜ਼ਖ਼ਮੀ ਰਾਜੂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਰਾਜੂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉੱਥੇ ਹੀ ਪੁਲਸ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।