ਕੁੜੀ ਦੀ ਬਹਾਦਰੀ ਨੂੰ ਤੁਸੀਂ ਵੀ ਕਰੋਗੇ ਸਲਾਮ, ਹਥਿਆਰਬੰਦ ਬਦਮਾਸ਼ਾਂ ਨੂੰ ਇੰਝ ਦੌੜਾਇਆ

Friday, Mar 07, 2025 - 03:45 PM (IST)

ਕੁੜੀ ਦੀ ਬਹਾਦਰੀ ਨੂੰ ਤੁਸੀਂ ਵੀ ਕਰੋਗੇ ਸਲਾਮ, ਹਥਿਆਰਬੰਦ ਬਦਮਾਸ਼ਾਂ ਨੂੰ ਇੰਝ ਦੌੜਾਇਆ

ਫਰੀਦਾਬਾਦ- ਕਹਿੰਦੇ ਨੇ ਹੌਂਸਲੇ ਬੁਲੰਦ ਹੋਣ ਤਾਂ ਕੋਈ ਵੀ ਮੁਸ਼ਕਲ ਹਾਲਾਤ ਹੋਣ, ਉਨ੍ਹਾਂ 'ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਅਜਿਹਾ ਹੀ ਹੌਂਸਲਾ ਫਰੀਦਾਬਾਦ ਦੇ NIT ਖੇਤਰ ਦੀ 8 ਸਾਲ ਦੀ ਬੱਚੀ ਕ੍ਰਿਤਿਕਾ ਨੇ ਕਰ ਵਿਖਾਇਆ ਹੈ, ਜਿਸ ਨੇ ਆਪਣੀ ਸੁਝ-ਬੁਝ ਨਾਲ ਹਥਿਆਰਬੰਦ ਬਦਮਾਸ਼ਾਂ ਨੂੰ ਦੌੜਨ 'ਤੇ ਮਜ਼ਬੂਰ ਕਰ ਦਿੱਤਾ।

ਜਾਣਕਾਰੀ ਮੁਤਾਬਕ 8 ਸਾਲਾ ਕ੍ਰਿਤਿਕਾ ਵੀਰਵਾਰ ਸ਼ਾਮ ਨੂੰ ਸੋਹਾਣਾ ਰੋਡ 'ਤੇ ਸਥਿਤ ਰਵੀ ਭਾਟੀ ਹਾਰਡਵੇਅਰ ਦੀ ਦੁਕਾਨ ਦੇ ਕਾਊਂਟਰ 'ਤੇ ਬੈਠੀ ਸਕੂਲ ਦਾ ਕੰਮ ਕਰ ਰਹੀ ਸੀ। ਇਸ ਦੌਰਾਨ ਤਿੰਨ ਬਦਮਾਸ਼ ਬਾਈਕ 'ਤੇ ਸਵਾਰ ਹੋ ਕੇ ਦੁਕਾਨ 'ਤੇ ਪਹੁੰਚੇ। ਉਨ੍ਹਾਂ ਨੇ ਆਪਣਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ ਅਤੇ ਹੈਲਮੇਟ ਪਹਿਨਿਆ ਹੋਇਆ ਸੀ। ਇਕ ਬਦਮਾਸ਼ ਨੇ ਪਿਸਤੌਲ ਵਰਗਾ ਹਥਿਆਰ ਕੱਢ ਲਿਆ ਅਤੇ ਕੁੜੀ ਨੂੰ ਡਰਾ ਧਮਕਾ ਕੇ ਕਾਊਂਟਰ 'ਚ ਰੱਖੇ ਪੈਸੇ ਦੇਣ ਲਈ ਕਿਹਾ। ਇਸ ਮਾਹੌਲ 'ਚ ਵੀ ਕ੍ਰਿਤਿਕਾ ਨੇ ਹਿੰਮਤ ਨਹੀਂ ਹਾਰੀ ਅਤੇ ਬਿਨਾਂ ਕਿਸੇ ਡਰ ਦੇ ਆਪਣੀ ਕੁਰਸੀ ਨੇੜੇ ਲੱਗੀ ਘੰਟੀ ਵਜਾਈ। ਜਿਵੇਂ ਹੀ ਉੱਪਰ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਘੰਟੀ ਦੀ ਆਵਾਜ਼ ਸੁਣੀ ਤਾਂ ਉਹ ਤੁਰੰਤ ਦੁਕਾਨ 'ਤੇ ਪਹੁੰਚ ਗਏ। ਪਰਿਵਾਰਕ ਮੈਂਬਰਾਂ ਨੂੰ ਆਉਂਦੇ ਦੇਖ ਬਦਮਾਸ਼ ਤੁਰੰਤ ਬਾਈਕ 'ਤੇ ਸਵਾਰ ਹੋ ਕੇ ਫਰਾਰ ਹੋ ਗਏ।

ਕੁੜੀ ਦੇ ਪਿਤਾ ਰਵੀ ਭਾਟੀ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਅੰਦਰ ਅਤੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਵਿਚ ਸਾਰੀ ਘਟਨਾ ਕੈਦ ਹੋ ਗਈ ਹੈ। ਫੁਟੇਜ 'ਚ ਕੁੜੀ ਨੂੰ ਕਾਊਂਟਰ 'ਤੇ ਬੈਠਾ ਦੇਖਿਆ ਜਾ ਸਕਦਾ ਹੈ, ਜਦਕਿ ਬਦਮਾਸ਼ ਉਸ ਨੂੰ ਧਮਕੀਆਂ ਦਿੰਦੇ ਨਜ਼ਰ ਆ ਰਹੇ ਹਨ। ਇਨ੍ਹਾਂ 'ਚੋਂ ਇਕ ਬਦਮਾਸ਼ ਬਾਈਕ ਸਟਾਰਟ ਕਰਨ ਤੋਂ ਬਾਅਦ ਤਿਆਰ ਖੜ੍ਹਾ ਸੀ, ਜਦਕਿ ਬਾਕੀ ਦੋ ਕਾਊਂਟਰ ਕੋਲ ਖੜ੍ਹੇ ਸਨ। ਇਸ ਘਟਨਾ ਨੂੰ ਲੈ ਕੇ ਪਰਿਵਾਰ ਨੇ ਪੁਲਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਹਾਲਾਂਕਿ ਇਲਾਕੇ 'ਚ ਇਸ ਘਟਨਾ ਦੀ ਕਾਫੀ ਚਰਚਾ ਹੈ ਅਤੇ ਲੋਕ ਕੁੜੀ ਦੇ ਹੌਂਸਲੇ ਦੀ ਸ਼ਲਾਘਾ ਕਰ ਰਹੇ ਹਨ। ਕ੍ਰਿਤਿਕਾ ਦੀ ਇਸ ਸਿਆਣਪ ਅਤੇ ਬਹਾਦਰੀ ਨੇ ਸਾਬਤ ਕਰ ਦਿੱਤਾ ਕਿ ਸੰਕਟ ਦੀ ਘੜੀ ਵਿਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਸਿਆਣਪ ਅਤੇ ਹਿੰਮਤ ਨਾਲ ਕੀਤਾ ਜਾ ਸਕਦਾ ਹੈ। ਸਥਾਨਕ ਲੋਕ ਅਤੇ ਦੁਕਾਨਦਾਰ ਬੱਚੀ ਦੀ ਤਾਰੀਫ ਕਰ ਰਹੇ ਹਨ।
 


author

Tanu

Content Editor

Related News