ਸਹਾਰਨਪੁਰ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ
Monday, Feb 10, 2020 - 10:33 AM (IST)

ਸਹਾਰਨਪੁਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ ਦੇ ਨਾਂਗਲ ਖੇਤਰ ਵਿਚ ਭਿਆਨਕ ਸੜਕ ਹਾਦਸੇ ਵਿਚ ਕਾਰ 'ਚ ਸਵਾਰ ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਐੱਸ. ਪੀ. ਵਿੱਦਿਆ ਸਾਗਰ ਮਿਸ਼ਰਾ ਨੇ ਸੋਮਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਰਾਨੀਬਾਗ ਵਾਸੀ ਭਗਵਤੀ ਸ਼ਰਮਾ ਆਪਣੀ ਪਤਨੀ, ਦੋ ਪੁੱਤਰਾਂ ਅਤੇ ਨੂੰਹ ਨਾਲ ਸਹਾਰਨਪੁਰ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਆਏ ਸਨ।
ਐਤਵਾਰ ਰਾਤ ਕਰੀਬ 12 ਵਜੇ ਵਿਆਹ ਸਮਾਰੋਹ ਤੋਂ ਬਾਅਦ ਪਰਿਵਾਰ ਦੇ 5 ਜੀਅ ਕਾਰ 'ਚ ਸਵਾਰ ਹੋ ਕੇ ਦਿੱਲੀ ਵਾਪਸ ਪਰਤ ਰਹੇ ਸਨ। ਨਾਂਗਲ ਇਲਾਕੇ ਵਿਚ ਸੁਬਰੀ ਭੱਠੇ ਨੇੜੇ ਤੇਜ਼ ਰਫਤਾਰ ਕਾਰ ਲੱਕੜ ਨਾਲ ਲੱਦੇ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ 'ਚ ਭਗਵਤੀ ਸ਼ਰਮਾ (55), ਉਨ੍ਹਾਂ ਦੀ ਪਤਨੀ ਮਮਤਾ ਸ਼ਰਮਾ (50) ਪੁੱਤਰ ਗੌਰਵ ਸ਼ਰਮਾ (28), ਉਸ ਦੀ ਪਤਨੀ ਨਿਧੀ ਸ਼ਰਮਾ (24) ਦੀ ਮੌਤ ਹੋ ਗਈ। ਹਾਦਸੇ ਵਿਚ ਗੰਭੀਰ ਰੂਪ ਜ਼ਖਮੀ ਗੌਰਵ ਦੇ ਭਰਾ ਪ੍ਰਤੀਕ ਸ਼ਰਮਾ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ।