ਸਪਾ-ਬਸਪਾ ਨਾਲ ਰਾਲੋਦ ਨੇ ਮਿਲਾਇਆ ਹੱਥ, ਯੂ. ਪੀ. ਦੀਆਂ 3 ਸੀਟਾਂ ''ਤੇ ਲੜੇਗੀ ਚੋਣ
Tuesday, Mar 05, 2019 - 05:02 PM (IST)

ਲਖਨਊ— ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਪਾਰਟੀ ਸਰਗਰਮ ਹੋ ਗਈਆਂ ਹਨ ਅਤੇ ਕਿੱਥੋਂ ਕਿਹੜੀ ਪਾਰਟੀ ਲੜੇਗੀ, ਇਸ ਬਾਰੇ ਚਰਚਾਵਾਂ ਦਾ ਬਜ਼ਾਰ ਗਰਮ ਹੈ। ਕਈ ਪਾਰਟੀ ਗਠਜੋੜ ਵੀ ਕਰ ਰਹੀਆਂ ਹਨ। ਭਾਜਪਾ ਪਾਰਟੀ ਨੂੰ ਹਰਾਉਣ ਲਈ ਲੋਕ ਸਭਾ ਚੋਣਾਂ 'ਚ ਸਿਆਸੀ ਆਗੂ ਅੱਡੀ-ਚੋਟੀ ਦਾ ਜ਼ੋਰ ਲਾਉਂਦੇ ਨਜ਼ਰ ਆਉਣਗੇ। ਇਸ ਦਰਮਿਆਨ ਰਾਸ਼ਟਰੀ ਲੋਕ ਦਲ (ਰਾਲੋਦ) ਪਾਰਟੀ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ-ਬਹੁਜਨ ਸਮਾਜ ਪਾਰਟੀ (ਸਪਾ-ਬਸਪਾ) ਨਾਲ ਮਹਾਗਠਜੋੜ ਵਿਚ ਸ਼ਾਮਲ ਹੋ ਗਈ ਹੈ। ਅਖਿਲੇਸ਼ ਯਾਦਵ ਅਤੇ ਜਯੰਤ ਚੌਧਰੀ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ।
ਰਾਲੋਦ ਦੇ ਨੇਤਾ ਜਯੰਤ ਚੌਧਰੀ ਨਾਲ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸਪਾ-ਬਸਪਾ-ਰਾਲੋਦ ਮਿਲ ਕੇ ਭਾਜਪਾ ਦਾ ਮੁਕਾਬਲਾ ਕਰਨਗੇ। ਅਖਿਲੇਸ਼ ਨੇ ਕਿਹਾ ਕਿ ਕਾਂਗਰਸ ਮਹਾਗਠਜੋੜ ਦਾ ਹਿੱਸਾ ਹੈ, ਉਸ ਲਈ ਅਮੇਠੀ ਅਤੇ ਰਾਏਬਰੇਲੀ ਦੀਆਂ ਸੀਟਾਂ ਛੱਡੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਵਿਚ ਰਾਲੋਦ 3 ਸੀਟਾਂ— ਮਥੁਰਾ, ਬਾਗਪਤ ਅਤੇ ਮੁਜ਼ੱਫਰਨਗਰ 'ਚ ਚੋਣ ਲੜੇਗੀ।