ਦੰਤੇਵਾੜਾ ਮੁਕਾਬਲੇ ''ਚ ਮਾਰੇ ਗਏ 9 ਨਕਸਲੀਆਂ ''ਤੇ ਸੀ 59 ਲੱਖ ਰੁਪਏ ਦਾ ਇਨਾਮ

Wednesday, Sep 04, 2024 - 05:13 PM (IST)

ਦੰਤੇਵਾੜਾ- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਮੁਕਾਬਲੇ 'ਚ ਮਾਰੇ ਗਏ 9 ਨਕਸਲੀਆਂ 'ਤੇ ਕੁੱਲ 59 ਲੱਖ ਰੁਪਏ ਦਾ ਇਨਾਮ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ 'ਚ ਸਭ ਤੋਂ ਜ਼ਿਆਦਾ 25 ਲੱਖ ਰੁਪਏ ਦਾ ਇਨਾਮ ਮਾਓਵਾਦੀਆਂ ਦੀ 'ਦੰਡਕਾਰਣਿਆ ਵਿਸ਼ੇਸ਼ ਜ਼ੋਨਲ ਕਮੇਟੀ' (DKSZC) ਦੇ ਰਣਧੀਰ 'ਤੇ ਸੀ। ਅਧਿਕਾਰੀ ਨੇ ਦੱਸਿਆ ਕਿ ਉਹ ਇਸ ਸਾਲ ਸੁਰੱਖਿਆ ਕਮੀਆਂ ਨਾਲ ਮੁਕਾਬਲੇ ਵਿਚ ਮਾਰਿਆ ਗਿਆ DKSZC ਦਾ ਦੂਜਾ ਮੈਂਬਰ ਸੀ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਦੰਤੇਵਾੜਾ-ਬੀਜਾਪੁਰ ਅੰਤਰ-ਜ਼ਿਲ੍ਹਾ ਸਰਹੱਦ 'ਤੇ ਨਕਸਲ ਵਿਰੋਧੀ ਮੁਹਿੰਮ ਦੌਰਾਨ ਸੁਰੱਖਿਆ ਕਰਮੀਆਂ ਨੇ ਮੁਕਾਬਲੇ ਵਿਚ 9 ਵਰਦੀਧਾਰੀ ਨਕਸਲੀਆਂ ਨੂੰ ਢੇਰ ਕੀਤਾ, ਜਿਨ੍ਹਾਂ ਵਿਚ 6 ਮਹਿਲਾ ਨਕਸਲੀ ਸ਼ਾਮਲ ਸਨ।

DKSZC ਛੱਤੀਸਗੜ੍ਹ ਦੇ ਬਸਤਰ ਖੇਤਰ ਤੋਂ ਇਲਾਵਾ ਆਲੇ-ਦੁਆਲੇ ਦੇ ਸੂਬਿਆਂ ਆਂਧਰਾ ਪ੍ਰਦੇਸ਼, ਓਡੀਸ਼ਾ, ਤੇਲੰਗਾਨਾ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿਚ ਨਕਸਲੀ ਗਤੀਵੀਧਿਆਂ ਨੂੰ ਅੰਜਾਮ ਦਿੰਦਾ ਹੈ। ਆਈ. ਜੀ. ਪੀ. ਨੇ ਦੱਸਿਆ ਕਿ 6 ਹੋਰ ਨਕਸਲੀ-ਹਥਿਆਰਬਬੰਦ ਇਕਾਈ ਦੀ ਮੈਂਬਰ ਕੁਮਾਰੀ ਸ਼ਾਂਤੀ, ਖੇਤਰ ਕਮੇਟੀ ਮੈਂਬਰ ਸੁਸ਼ੀਲਾ ਮਡਾਕਮ, ਗੰਗੀ ਮੁਚਕੀ ਅਤੇ ਕੋਸਾ ਮਾੜਵੀ, ਡਿਵੀਜ਼ਨਲ ਕਮੇਟੀ ਸੁਰੱਖਿਆ ਦਲਮ ਮੈਂਬਰ ਲਲਿਤਾ ਅਤੇ ਆਂਧਰਾ ਓਡੀਸ਼ਾ ਬਾਰਡਰ ਸਪੈਸ਼ਲ ਜ਼ੋਨ ਕਮੇਟੀ ਦੀ ਗਾਰਡ ਕਵਿਤਾ 'ਤੇ 5-5 ਲੱਖ ਰੁਪਏ ਦਾ ਇਨਾਮ ਸੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਕਸਲੀ ਹਿਡਮਾ ਮਡਕਾਮ ਅਤੇ ਕਮਲੇਸ਼ 'ਤੇ 2-2 ਲੱਖ ਰੁਪਏ ਇਨਾਮ ਸੀ। 

ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਇਕ ਐਸ. ਐਲ. ਆਰ (ਸੈਲਫ-ਲੋਡਿੰਗ ਰਾਈਫ਼ਲ), ਇਕ 303 ਬੋਰ ਰਾਈਫ਼ਲ, ਇਕ 12 ਬੋਰ ਦੀ ਰਾਈਫ਼ਲ, ਇਕ 315 ਬੋਰ ਦੀ ਰਾਈਫ਼ਲ, ਬੀ. ਜੀ. ਐਲ (ਬੈਰਲ ਗ੍ਰੇਨੇਡ ਲਾਂਚਰ) ਅਤੇ ਵਿਸਫੋਟਕ, ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਅਤੇ ਨਕਸਲੀਆਂ ਨਾਲ ਸਬੰਧਤ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਮੁਕਾਬਲੇ ਵਾਲੀ ਥਾਂ ਤੋਂ ਹਥਿਆਰਾਂ ਦਾ ਭੰਡਾਰ ਬਰਾਮਦ ਕੀਤਾ ਗਿਆ ਹੈ।
 


Tanu

Content Editor

Related News