ਡਿਜੀਟਲ ਇੰਡੀਆ ਨਾਲ ਲੱਗੀ ਦਲਾਲਾਂ ''ਤੇ ਲਗਾਮ : ਮੋਦੀ
Saturday, Jun 16, 2018 - 02:55 AM (IST)

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੀ ਡਿਜੀਟਲ ਇੰਡੀਆ ਦੀ ਯੋਜਨਾ ਦਲਾਲਾਂ ਅਤੇ ਵਿਚੋਲਿਆਂ 'ਤੇ ਲਗਾਮ ਲਗਾਉਣ ਵਿਚ ਕਾਰਗਰ ਅਤੇ ਲੋਕਾਂ ਨੂੰ ਮਜ਼ਬੂਤ ਬਣਾਉਣ ਵਿਚ ਮਦਦਗਾਰ ਸਾਬਿਤ ਹੋ ਰਹੀ ਹੈ। ਮੋਦੀ ਨੇ ਸ਼ੁੱਕਰਵਾਰ ਨੂੰ ਡਿਜੀਟਲ ਇੰਡੀਆ ਯੋਜਨਾ ਦੇ ਵੱਖ-ਵੱਖ ਲਾਭਪਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਪਹਿਲ ਦੇਸ਼ ਵਿਚ ਕਰੋੜਾਂ ਲੋਕਾਂ ਦੀ ਜ਼ਿੰਦਗੀ ਵਿਚ ਤਬਦੀਲੀ ਲਿਆ ਰਹੀ ਹੈ। ਇਸ ਪਹਿਲ ਨਾਲ ਛੋਟੇ ਸ਼ਹਿਰਾਂ ਅਤੇ ਦਿਹਾਤੀ ਇਲਾਕਿਆਂ ਵਿਚ ਵੱਡੇ ਪੱਧਰ 'ਤੇ ਰੋਜ਼ਗਾਰ ਸਿਰਜਣ ਵਿਚ ਮਦਦ ਮਿਲੀ ਹੈ। ਓਧਰ ਕਾਲੇ ਧਨ ਅਤੇ ਦਲਾਲਾਂ ਵਿਰੁੱਧ ਰੋਕ ਲਗਾਉਣ ਵਿਚ ਇਸ ਤੋਂ ਬਹੁਤ ਮਦਦ ਮਿਲੀ ਹੈ। ਕੁਝ ਲੋਕਾਂ ਵਲੋਂ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਡਿਜੀਟਲ ਦੀ ਵਰਤੋਂ ਨਾਲ ਪੈਸਾ ਸੁਰੱਖਿਅਤ ਨਹੀਂ।
ਉਨ੍ਹਾਂ ਕਿਹਾ ਕਿ ਇਸ ਨਾਲ ਵਿਚੋਲਿਆਂ ਨੂੰ ਸਮੱਸਿਆ ਪੈਦਾ ਹੋ ਰਹੀ ਹੈ ਅਤੇ ਉਹ ਅਜਿਹੀਆਂ ਅਫਵਾਹਾਂ ਫੈਲਾਉਂਦੇ ਹਨ। ਇਸ ਯੋਜਨਾ ਰਾਹੀਂ ਲੋਕਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਦਿਸੇ ਨਾ ਦਿਸੇ ਦੇਸ਼ ਬਦਲ ਰਿਹਾ ਹੈ। ਮੋਦੀ ਨੇ ਕਿਹਾ ਕਿ ਡਿਜੀਟਲ ਇੰਡੀਆ ਦੀ ਸ਼ੁਰੂਆਤ ਇਸ ਸੰਕਲਪ ਨਾਲ ਕੀਤੀ ਗਈ ਕਿ ਦੇਸ਼ ਦੇ ਆਮ ਵਿਅਕਤੀ, ਗਰੀਬ, ਕਿਸਾਨ, ਨੌਜਵਾਨਾਂ ਅਤੇ ਪਿੰਡਾਂ ਨੂੰ ਇਸ ਯੋਜਨਾ ਨਾਲ ਜੋੜਨਾ ਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣਾ ਹੈ ਅਤੇ ਇਸਦੇ ਲਾਭ ਹੁਣ ਸਾਹਮਣੇ ਆਉਣ ਲੱਗੇ। ਅੱਜ ਪਿੰਡ ਵਿਚ ਪੜ੍ਹਨ ਵਾਲਾ ਵਿਦਿਆਰਥੀ ਸਿਰਫ ਆਪਣੇ ਸਕੂਲ ਤੇ ਕਾਲਜਾਂ ਵਿਚ ਮੁਹੱਈਆ ਕਿਤਾਬਾਂ ਤੱਕ ਸੀਮਤ ਨਹੀਂ ਰਹਿ ਗਿਆ। ਇੰਟਰਨੈੱਟ ਦੀ ਵਰਤੋਂ ਕਰ ਕੇ ਡਿਜੀਟਲ ਲਾਇਬਰੇਰੀ ਦੇ ਰਾਹੀਂ ਲੱਖਾਂ ਕਿਤਾਬਾਂ ਤੱਕ ਆਸਾਨੀ ਨਾਲ ਪਹੁੰਚ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਅੱਗੇ ਲਿਜਾਣਾ ਹੈ, ਇਹ ਇਕ ਅਜਿਹੀ ਲੜਾਈ ਹੈ ਜੋ ਦਲਾਲ ਬਨਾਮ ਡਿਜੀਟਲ ਇੰਡੀਆ ਹੈ।