WHO ਵੱਲੋਂ ‘ਆਸ਼ਾ ਭੈਣਾਂ’ ਨੂੰ ਮਿਲੇ ਸਨਮਾਨ ਨੇ ਦੇਸ਼ ਦਾ ਮਾਣ ਵਧਾਇਆ: ਪ੍ਰਿਯੰਕਾ
Monday, May 23, 2022 - 03:23 PM (IST)
ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੋਰੋਨਾ ਕਾਲ ’ਚ ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੇ ਗਰੀਬਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਵਾਲੀਆਂ ਆਸ਼ਾ ਭੈਣਾਂ ਨੂੰ ਵਿਸ਼ਵ ਸਿਹਤ ਸੰਗਠਨ ( ਡਬਲਯੂ. ਐਚ. ਓ.) ਤੋਂ ਮਿਲੇ ਸਨਮਾਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੂਰੇ ਦੇਸ਼ ਦਾ ਮਾਣ ਵਧਿਆ ਹੈ। ਪ੍ਰਿਯੰਕਾ ਵਾਡਰਾ ਨੇ ਟਵੀਟ ਕੀਤਾ, “WHO ਵੱਲੋਂ ਸਾਡੀਆਂ ਆਸ਼ਾ ਭੈਣਾਂ ਨੂੰ ਦਿੱਤਾ ਗਿਆ ਸਨਮਾਨ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਯੂ.ਪੀ.ਏ ਸਰਕਾਰ ਨੇ ਆਸ਼ਾ ਭੈਣਾਂ ਨੂੰ ਪਿੰਡਾਂ ’ਚ ਵੱਸਦੇ ਹਰ ਉਸ ਆਖਰੀ ਵਿਅਕਤੀ ਤੱਕ ਸਿਹਤ ਸੇਵਾਵਾਂ ਦੇਣ ਲਈ ਨਿਯੁਕਤ ਕੀਤਾ ਸੀ।
ਕੋਰੋਨਾ ਦੇ ਸਮੇਂ ਆਸ਼ਾ ਭੈਣਾਂ ਨੇ ਆਪਣੀ ਪਰਵਾਹ ਕੀਤੇ ਬਿਨਾਂ ਬੇਮਿਸਾਲ ਤਰੀਕੇ ਨਾਲ ਇਹ ਕੰਮ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖ਼ਬਰ ਵੀ ਪੋਸਟ ਕੀਤੀ ਹੈ, ਜਿਸ ’ਚ ਲਿਖਿਆ ਹੈ ਕਿ ਭਾਰਤ ’ਚ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਵਰਕਰ ਆਸ਼ਾ ਮਹਿਲਾ ਵਰਕਰਾਂ ਦੀ ਗਿਣਤੀ 10 ਲੱਖ ਤੋਂ ਵਧੇਰੇ ਹਨ। ਇਨ੍ਹਾਂ ਔਰਤਾਂ ਨੂੰ ਕਮਿਊਨਿਟੀ ਪੱਧਰ 'ਤੇ ਲੋਕਾਂ ਨੂੰ ਸਿਹਤ ਪ੍ਰਣਾਲੀ ਨਾਲ ਜੋੜਨ ਅਤੇ ਪੇਂਡੂ ਖੇਤਰਾਂ ਵਿਚ ਗਰੀਬਾਂ ਲਈ ਮੁੱਢਲੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਲਈ ਸਨਮਾਨਤ ਕੀਤਾ ਜਾਂਦਾ ਹੈ।