‘ਸੰਸਦ ਮੈਂਬਰਾਂ, ਮੰਤਰੀਆਂ ਅਤੇ ਵਿਧਾਇਕਾਂ ਤੋਂ ਘਰ-ਘਰ ਜਾ ਕੇ ਮੰਗੇ ਜਾਣਗੇ ਅਸਤੀਫ਼ੇ’

Sunday, Jan 17, 2021 - 06:23 PM (IST)

‘ਸੰਸਦ ਮੈਂਬਰਾਂ, ਮੰਤਰੀਆਂ ਅਤੇ ਵਿਧਾਇਕਾਂ ਤੋਂ ਘਰ-ਘਰ ਜਾ ਕੇ ਮੰਗੇ ਜਾਣਗੇ ਅਸਤੀਫ਼ੇ’

ਹਿਸਾਰ— ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਹੁਣ ਸੰਸਦ ਮੈਂਬਰਾਂ, ਮੰਤਰੀਆਂ ਅਤੇ ਵਿਧਾਇਕਾਂ ਤੋਂ ਘਰ-ਘਰ ਜਾ ਕੇ ਅਸਤੀਫ਼ੇ ਮੰਗੇ ਜਾਣਗੇ। ਇਹ ਫ਼ੈਸਲਾ ਭਾਰਤੀ ਕਿਸਾਨ ਯੂਨੀਅਨ ਗੁਰਨਾਮ ਸਿੰਘ ਚਢੂਨੀ ਧਿਰ ਵਲੋਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਕਨੋਹ ਦੀ ਪ੍ਰਧਾਨਗੀ ਵਿਚ ਅੱਜ ਯਾਨੀ ਕਿ ਐਤਵਾਰ ਨੂੰ ਹੋਈ ਬੈਠਕ ’ਚ ਲਿਆ ਗਿਆ। 

ਕਨੋਹ ਨੇ ਕਿਹਾ ਕਿ ਮੰਤਰੀਆਂ ਤੋਂ ਅਸਤੀਫ਼ੇ ਮੰਗਣ ਦੀ ਕੜੀ ’ਚ 21 ਜਨਵਰੀ ਤੋਂ ਰਾਜ ਮੰਤਰੀ ਅਤੇ ਉਕਲਾਨਾ ਤੋਂ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਵਿਧਾਇਕ ਅਨੂਪ ਧਾਨਕ ਦੇ ਕੈਮਰੀ ਰੋਡ ਹਿਸਾਰ ਸਥਿਤ ਆਵਾਸ ’ਤੇ ਕਿਸਾਨ ਪਹੁੰਚਣਗੇ ਅਤੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਸੰਸਦ ਮੈਂਬਰਾਂ, ਵਿਧਾਇਕਾਂ ਤੋਂ ਅਸਤੀਫ਼ੇ ਮੰਗੇ ਜਾਣਗੇ। 

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦਾ ਅੱਜ 53ਵਾਂ ਦਿਨ ਹੈ। ਕਿਸਾਨਾਂ ਦੀ ਸਰਕਾਰ ਨਾਲ 9 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਅਗਲੀ ਬੈਠਕ 19 ਜਨਵਰੀ ਨੂੰ ਹੋਵੇਗੀ। ਕਿਸਾਨਾਂ ਨੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ। 18 ਜਨਵਰੀ ਯਾਨੀ ਕਿ ਭਲਕੇ ਨੂੰ ‘ਮਹਿਲਾ ਦਿਵਸ’ ਅਤੇ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਕੱਢਿਆ ਜਾਵੇਗਾ। ਦਿੱਲੀ ਦੇ ਆਊਟਰ ਰਿੰਗ ਰੋਡ ’ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ। ਕਿਸਾਨ ਸ਼ਾਂਤੀਪੂਰਨ ਢੰਗ ਨਾਲ ਮਾਰਚ ਕੱਢਣਗੇ। ਗਣਤੰਤਰ ਦਿਵਸ ਸਮਾਰੋਹ ’ਚ ਕੋਈ ਵਿਘਨ ਨਹੀਂ ਪਵੇਗਾ।


author

Tanu

Content Editor

Related News