ਗਣਤੰਤਰ ਦਿਵਸ: ਦੇਸ਼ ਦੀਆਂ ਤਿੰਨੋਂ ਫੌਜਾਂ ਵੱਖ-ਵੱਖ ਤਰੀਕੇ ਨਾਲ ਕਰਦੀਆਂ ਹਨ ਸੈਲਿਊਟ, ਜਾਣੋ ਸਾਰਿਆਂ ’ਚ ਕੀ ਹੈ ਫਰਕ
Wednesday, Jan 26, 2022 - 12:15 PM (IST)
ਨਵੀਂ ਦਿੱਲੀ– ਦੇਸ਼ ਅੱਜ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਸਾਲ ਦੀ ਗਣਤੰਤਰ ਦਿਵਸ ਪਰੇਡ ਕੋਰੋਨਾ ਪ੍ਰੋਟੋਕੋਲ ਦੇ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਡ ਨੇ ਦੇਸ਼ ਦੀਆਂ ਤਿੰਨੋਂ ਫੌਜਾਂ-ਦਾ ਸੈਲਿਊਟ ਸਵਿਕਾਰ ਕੀਤਾ। ਦੱਸ ਦੇਈਏ ਕਿ ਦੇਸ਼ ਦੀਆਂ ਤਿੰਨੋਂ ਫੌਜਾਂ- ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦਾ ਸੈਲਿਊਟ ਕਰਨ ਦਾ ਤਰੀਕਾ ਵੱਖ-ਵੱਖ ਹੈ। ਇਸ ਦੀ ਇਕ ਖਾਸ ਵਜ੍ਹਾ ਹੈ। ਆਓ ਜਾਣਦੇ ਹਾਂ ਕਿਹੜੀ ਫੌਜ ਕਿਸ ਤਰ੍ਹਾਂ ਕਰਦੀ ਹੈ ਸੈਲਿਊਟ ਅਤੇ ਕੀ ਹੈ ਤਿੰਨਾਂ ’ਚ ਫਰਕ।
Indian Army Salute: ਇੰਡੀਅਨ ਆਰਮੀ ਯਾਨੀ ਥਲ ਸੈਨਾ ਦਾ ਸੈਲਿਊਟ ਪੂਰੇ ਹੱਥ ਦੀ ਤਲੀ ਵਿਖਾ ਕੇ ਕੀਤਾ ਜਾਂਦਾ ਹੈ। ਸੈਲਿਊਟ ਕਰਦੇ ਸਮੇਂ ਹੱਥ ਦਾ ਪੂਰਾ ਪੰਜਾ ਸਾਹਮਣੇ ਵਿਖਾਇਆ ਜਾਂਦਾ ਹੈ। ਇਸ ਵਿਚ ਸਾਰੀਆਂ ਊਂਗਲੀਆਂ ਖੁੱਲ੍ਹੀਆਂ ਰਹਿੰਦੀਆਂ ਹਨ ਅਤੇ ਅੰਗੂਠਾ ਸਿਰ ਅਤੇ ਭਰਵੱਟੇ ਦੇ ਵਿਚਕਾਰ ਰਹਿੰਦਾ ਹੈ।
Indian Navy Salute: ਇੰਡੀਅਨ ਨੇਵੀ ਯਾਨੀ ਜਲ ਸੈਨਾ ਦਾ ਸੈਲਿਊਟ ਆਰਮੀ ਦੇ ਸੈਲਿਊਟ ਤੋਂ ਵੱਖਰਾ ਹੁੰਦਾ ਹੈ। ਇਸ ਵਿਚ ਹੱਥ ਦੀ ਤਲੀ ਵਿਖਾਈ ਨਹੀਂ ਦਿੰਦੀ। ਹੱਥ ਪੂਰੀ ਤਰ੍ਹਾਂ ਹੇਠਾਂ ਵਲ ਮੁੜਿਆ ਹੁੰਦਾ ਹੈ। ਅੰਗੂਠੇ ਦੀ ਸਥਿਤੀ ਮੱਥੇ ’ਤੇ ਸਿਰ ਅਤੇ ਭਰਵੱਟੇ ਦੇ ਵਿਚਕਾਰ ਹੀ ਰਹਿੰਦੀ ਹੈ।
Indian Air Force Salute: ਇੰਡੀਅਨ ਏਅਰ ਫੋਰਸ ਯਾਨੀ ਹਵਾਈ ਫੌਜ ਦਾ ਸੈਲਿਊਟ ਪਹਿਲਾਂ ਆਰਮੀ ਦੀ ਤਰ੍ਹਾਂ ਹੀ ਹੁੰਦਾ ਸੀ ਪਰ 2006 ’ਚ ਹਵਾਈ ਫੌਜ ਨੇ ਆਪਣੇ ਜਵਾਨਾਂ ਦੇ ਸੈਲਿਊਟ ਦੇ ਨਵੇਂ ਫਾਰਮ ਤੈਅ ਕੀਤੇ ਸਨ। ਸੈਲਿਊਟ ਦੌਰਾਨ ਹੱਥ ਅਤੇ ਜ਼ਮੀਨ ਦੇ ਵਿਚਕਾਰ 45 ਡਿਗਰੀ ਦਾ ਕੋਣ ਬਣਦਾ ਹੈ। ਸੈਲਿਊਟ ਕਰਦੇ ਹੋਏ ਹਵਾਈ ਫੌਜ ਆਸਮਾਨ ਵਲ ਆਪਣੇ ਕਦਮ ਨੂੰ ਦਰਸ਼ਾਉਂਦੀ ਹੈ।