72ਵੇਂ ਗਣਤੰਤਰ ਦਿਹਾੜੇ ''ਤੇ ਵਿਸ਼ੇਸ਼ : ਜਾਣੋ ਕਿਵੇਂ ਮਨਾਇਆ ਜਾ ਰਿਹੈ ਇਸ ਵਾਰ ''ਗਣਤੰਤਰ ਦਿਹਾੜਾ''
Tuesday, Jan 26, 2021 - 07:16 AM (IST)
ਨਵੀਂ ਦਿੱਲੀ- ਭਾਰਤ ਅੱਜ ਆਪਣਾ 72ਵਾਂ ਗਣਤੰਤਰ ਦਿਹਾੜਾ ਮਨਾ ਰਿਹਾ ਹੈ। ਇਸ ਇਤਿਹਾਸਕ ਮੌਕੇ ਰਾਜਪਥ 'ਤੇ ਗਣਤੰਤਰ ਦਿਹਾੜਾ ਪਰੇਡ ਦਾ ਪ੍ਰਬੰਧ ਹੁੰਦਾ ਹੈ। ਇਸ ਵਿਚ ਭਾਰਤੀ ਫ਼ੌਜ ਦੀਆਂ ਸ਼ਕਤੀਆਂ ਅਤੇ ਸਾਡੇ ਅਮੀਰ ਸੱਭਿਆਚਾਰ ਦੀਆਂ ਝਾਕੀਆਂ ਦਿਖਾਈਆਂ ਜਾਂਦੀਆਂ ਹਨ। ਇਸ ਨੂੰ ਦੇਖਣ ਲਈ ਤਕਰੀਬਨ ਇਕ ਲੱਖ ਤੋਂ ਜ਼ਿਆਦਾ ਲੋਕ ਸ਼ਿਰਕਤ ਕਰਦੇ ਹਨ ਪਰ ਇਸ ਸਾਲ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਸ ਵਿਚ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ। ਪਰੇਡ ਸਵੇਰੇ 9 ਵਜੇ ਸ਼ੁਰੂ ਹੋ ਕੇ 11.30 ਵਜੇ ਤੱਕ ਚੱਲੇਗੀ।
50 ਸਾਲਾਂ 'ਚ ਪਹਿਲੀ ਵਾਰ ਨਹੀਂ ਪੁੱਜਾ ਕੋਈ ਮੁੱਖ ਮਹਿਮਾਨ-
ਇਸ ਸਾਲ ਕੋਈ ਮੁੱਖ ਮਹਿਮਾਨ ਨਹੀਂ ਆਇਆ, ਅਜਿਹਾ 50 ਸਾਲਾਂ ਵਿਚ ਪਹਿਲੀਵਾਰ ਹੋਇਆ ਹੈ ਜਦ ਕੋਈ ਮੁੱਖ ਮਹਿਮਾਨ ਨਹੀਂ ਆ ਸਕਿਆ। ਪਹਿਲਾਂ ਬ੍ਰਿਟਿਸ਼ ਪੀ. ਐੱਮ. ਬੋਰਿਸ ਜਾਨਸਨ ਨੂੰ ਭਾਰਤ ਆਉਣ ਲਈ ਸੱਦਾ ਦਿੱਤਾ ਗਿਆ ਸੀ ਪਰ ਬ੍ਰਿਟੇਨ ਵਿਚ ਕੋਰੋਨਾ ਦਾ ਇਕ ਨਵਾਂ ਰੂਪ ਫੈਲਣ ਕਾਰਨ ਉਨ੍ਹਾਂ ਨੂੰ ਆਪਣੀ ਯਾਤਰਾ ਰੱਦ ਕਰਨੀ ਪਈ। ਇਸ ਤੋਂ ਪਹਿਲਾਂ 1952, 1953 ਅਤੇ 1966 ਵਿਚ ਵੀ ਗਣਤੰਤਰ ਦਿਹਾੜੇ 'ਤੇ ਕੋਈ ਮੁੱਖ ਮਹਿਮਾਨ ਨਹੀਂ ਆਇਆ ਸੀ।
ਪਿਛਲੇ ਸਾਲ ਇਸ ਮੌਕੇ ਸਵਾ ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ ਪਰ ਇਸ ਵਾਰ ਇਹ ਗਿਣਤੀ 25,000 'ਤੇ ਸੀਮਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ 15 ਸਾਲ ਤੋਂ ਛੋਟੇ ਬੱਚਿਆਂ ਨੂੰ ਵੀ ਇੱਥੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਮੌਕੇ ਪਰੇਡ ਰਾਸ਼ਟਰਪਤੀ ਭਵਨ ਤੋਂ ਸ਼ੁਰੂ ਹੋ ਕੇ ਇੰਡੀਆ ਗੇਟ 'ਤੇ ਖ਼ਤਮ ਹੋਵੇਗੀ। ਇਸ ਮਗਰੋਂ ਵਿਜੈ ਚੌਂਕ ਤੋਂ ਰਾਜਪਥ, ਅਮਰ ਜਵਾਨ ਜੋਤੀ, ਇੰਡੀਆ ਗੇਟ ਪ੍ਰਿੰਸਸ ਪੈਲਸ, ਤਿਲਕ ਮਾਰਗ ਤੋਂ ਹੁੰਦੀ ਹੋਈ ਅਖ਼ੀਰ ਵਿਚ ਇੰਡੀਆ ਗੇਟ ਤੱਕ ਆਵੇਗੀ।
ਇਹ ਵੀ ਪੜ੍ਹੋ- ਜਾਣੋਂ ਕਿਉਂ ਮਨਾਇਆ ਜਾਂਦਾ ਹੈ 'ਗਣਤੰਤਰ ਦਿਵਸ', ਕੀ ਹੈ ਇਸ ਦੀ ਖ਼ਾਸੀਅਤ ਅਤੇ ਮਹੱਤਤਾ
ਪਰੇਡ ਵਿਚ ਇਹ ਕੁਝ ਰਹੇਗਾ ਖ਼ਾਸ-
ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਹੋਇਆ ਰਾਫੇਲ ਲੜਾਕੂ ਜੈੱਟ ਵੀ ਪਹਿਲੀ ਵਾਰ ਹਿੱਸਾ ਲੈ ਰਿਹਾ ਹੈ।
ਇਸ ਸਾਲ ਕੋਰੋਨਾ ਵਾਇਰਸ ਕਾਰਨ ਮੋਟਰਸਾਈਕਲ ਸਟੰਟ ਨਹੀਂ ਹੋਵੇਗਾ।
ਬਹਾਦਰੀ ਪੁਰਸਕਾਰ ਹਾਸਲ ਕਰਨ ਵਾਲੇ ਬੱਚੇ ਸਮਾਰੋਹ ਵਿਚ ਸ਼ਾਮਲ ਨਹੀਂ ਹੋਣਗੇ।
ਬੰਗਲਾਦੇਸ਼ ਦੀ ਫ਼ੌਜ ਦਾ ਇਕ ਫ਼ੌਜੀ ਬੈਂਡ ਵੀ ਪਰੇਡ ਵਿਚ ਹਿੱਸਾ ਲਵੇਗਾ।
ਇਸ ਸਾਲ ਕੋਰੋਨਾ ਵੈਕਸੀਨ 'ਤੇ ਵੀ ਝਾਕੀ ਕੱਢੀ ਜਾਵੇਗੀ।