ਸੰਸਦ ਸੈਸ਼ਨ: ਪਹਿਲੇ ਦਿਨ ਲੋਕ ਸਭਾ ’ਚ ਪੇਸ਼ ਹੋਵੇਗਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਬਿੱਲ

Saturday, Nov 27, 2021 - 10:22 AM (IST)

ਨਵੀਂ ਦਿੱਲੀ (ਵਾਰਤਾ)— ਸਰਕਾਰ ਤਿੰਨੋਂ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਬਿੱਲ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ’ਚ ਪੇਸ਼ ਕਰੇਗੀ। ਸੰਸਦ ਦਾ ਸਰਦ ਰੁੱਤ ਸੈਸ਼ਨ ਸੋਮਵਾਰ ਯਾਨੀ ਕਿ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਲੋਕ ਸਭਾ ਦੀ ਪਹਿਲੇ ਹੀ ਦਿਨ ਦੀ ਕਾਰਜ ਸੂਚੀ ਵਿਚ ਖੇਤੀ ਕਾਨੂੰਨ ਰੱਦ ਬਿੱਲ 2021 ਨੂੰ ਸੂਚੀਬੱਧ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 19 ਨਵੰਬਰ ਨੂੰ ਹੀ ਇਨ੍ਹਾਂ ਬਿੱਲਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪਿਛਲੇ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ’ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ :  ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ: ਜਾਣੋ ਸੰਘਰਸ਼ ਤੋਂ ਜਿੱਤ ਤੱਕ ਕੰਡਿਆਂ ਭਰੇ ਸਫਰ ਦੀ ਦਾਸਤਾਨ

ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬੈਠਕ ਵਿਚ ਕਿਹਾ ਸੀ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਾਰਵਾਈ ਤਰਜੀਹ ਦੇ ਆਧਾਰ ’ਤੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਹਫ਼ਤੇ ਵਿਚ ਹੀ ਸ਼ੁਰੂ ਕਰ ਦੇਵੇਗੀ। ਇਸ ਨੂੰ ਵੇਖਦੇ ਹੋਏ ਕਾਂਗਰਸ ਅਤੇ ਭਾਜਪਾ ਪਾਰਟੀ ਸਮੇਤ ਹੋਰ ਪਾਰਟੀਆਂ ਨੇ ਆਪਣੇ-ਆਪਣੇ ਮੈਂਬਰਾਂ ਨੂੰ ਪਹਿਲੇ ਦਿਨ ਸਦਨ ਵਿਚ ਹਾਜ਼ਰ ਰਹਿਣ ਲਈ ਵਿ੍ਹਪਾ ਜਾਰੀ ਕੀਤਾ ਹੈ। ਤਿੰਨੋਂ ਖੇਤੀ ਕਾਨੂੰਨ ਬੀਤੇ ਸਾਲ ਸਤੰਬਰ ਮਹੀਨੇ ’ਚ ਪਾਸ ਕੀਤੇ ਗਏ ਸਨ ਪਰ ਕਈ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਪਿਛਲੇ ਸਾਲ 26 ਨਵੰਬਰ ਨੂੰ ਇਨ੍ਹਾਂ ਖ਼ਿਲਾਫ਼ ਅੰਦੋਲਨ ਸ਼ੁਰੂ ਕੀਤਾ ਸੀ। ਕਿਸਾਨ ਉਸ ਸਮੇਂ ਤੋਂ ਹੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਆ ਰਹੇ ਸਨ।

ਇਹ ਵੀ ਪੜ੍ਹੋ :  ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਲੱਗ ਸਕਦੀ ਹੈ ਮੋਹਰ, ਭਾਜਪਾ ਨੇ ਸੰਸਦ ਮੈਂਬਰਾਂ ਲਈ ਜਾਰੀ ਕੀਤਾ ਵਿ੍ਹਪ

ਖੇਤੀ ਕਾਨੂੰਨਾਂ ਦੀ ਵਾਪਸੀ ਲਈ 29 ਨੂੰ ਬਿੱਲ ਪੇਸ਼ ਕਰਨਗੇ ਤੋਮਰ
ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ 29 ਨਵੰਬਰ ਨੂੰ ਬਿੱਲ ਪੇਸ਼ ਕਰਨਗੇ। ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਪੇਸ਼ ਕੀਤੇ ਜਾਣ ਵਾਲੇ 26 ਬਿੱਲਾਂ ਨੂੰ ਸੂਚੀਬੱਧ ਕਰ ਲਿਆ ਗਿਆ ਹੈ। ਇਨ੍ਹਾਂ ਪ੍ਰਸਤਾਵਤ ਬਿੱਲਾਂ ਵਿਚ ਵਿਵਾਦਤ ਖੇਤੀ ਕਾਨੂੰਨ ਵਾਪਸ ਲਏ ਜਾਣ ਨਾਲ ਸਬੰਧਤ ਬਿੱਲ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ

ਓਧਰ ਕਾਂਗਰਸ ਨੇ ਸ਼ੁੱਕਰਵਾਰ ਸੰਸਦ ਦੇ ਦੋਵਾਂ ਸਦਨਾਂ ਦੇ ਆਪਣੇ ਮੈਂਬਰਾਂ ਨੂੰ ਵ੍ਹਿਪ ਜਾਰੀ ਕਰ ਕੇ ਕਿਹਾ ਕਿ ਉਹ ਇਸ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਸੰਸਦ ਵਿਚ ਮੌਜੂਦ ਰਹਿਣ। ਕਾਂਗਰਸ ਨੇ 3 ਲਾਈਨਾਂ ਦੀ ਵ੍ਹਿਪ ਜਾਰੀ ਕੀਤੀ ਹੈ। ਮੁੱਖ ਵਿਰੋਧੀ ਪਾਰਟੀ ਨੇ ਆਪਣੇ ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ ਕਿ ਉਹ ਸੋਮਵਾਰ ਸਵੇਰੇ 11 ਵਜੇ ਤੋਂ ਸੰਸਦ ਵਿਚ ਮੌਜੂਦ ਰਹਿਣ ਅਤੇ ਪਾਰਟੀ ਦੇ ਰੁਖ਼ ਦਾ ਸਮਰਥਨ ਕਰਨ।

ਇਹ ਵੀ ਪੜ੍ਹੋ : ਨਿਹੰਗਾਂ ਨੇ ਕੀਤਾ ਵੱਡਾ ਐਲਾਨ- ਤਿੰਨੋਂ ਖੇਤੀ ਕਾਨੂੰਨ ਰੱਦ ਹੁੰਦਿਆਂ ਹੀ ਵਾਪਸ ਚਲੇ ਜਾਵਾਂਗੇ

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News