‘ਧਾਰਾ-370 ਰੱਦ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਤੋਂ ਬਾਹਰ ਦੇ ਲੋਕਾਂ ਨੇ ਖਰੀਦੇ 7 ਪਲਾਟ’
Wednesday, Dec 15, 2021 - 03:26 PM (IST)
ਨਵੀਂ ਦਿੱਲੀ (ਭਾਸ਼ਾ)— ਸਰਕਾਰ ਨੇ ਬੁੱਧਵਾਰ ਯਾਨੀ ਕਿ ਅੱਜ ਸੰਸਦ ਵਿਚ ਦੱਸਿਆ ਕਿ ਸੰਵਿਧਾਨ ਦੀ ਧਾਰਾ-370 ਰੱਦ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਹੁਣ ਤੱਕ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਬਾਹਰ ਦੇ ਲੋਕਾਂ ਨੇ ਕੁੱਲ 7 ਪਲਾਟ ਖਰੀਦੇ ਅਤੇ ਇਹ ਸਾਰੇ ਪਲਾਟ ਜੰਮੂ ਡਿਵੀਜ਼ਨ ਵਿਚ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ।
ਨਿਤਿਆਨੰਦ ਰਾਏ ਤੋਂ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਕੀ ਸੂਬੇ ਦੇ ਬਾਹਰ ਦੇ ਕਿਸੇ ਵਿਅਕਤੀ ਨੇ ਹੁਣ ਤੱਕ ਜੰਮੂ-ਕਸ਼ਮੀਰ ਵਿਚ ਜ਼ਮੀਨ ਖਰੀਦੀ ਹੈ ਅਤੇ ਜੇਕਰ ਖਰੀਦੀ ਹੈ ਤਾਂ ਇਸ ਦਾ ਬਿਓਰਾ ਕੀ ਹੈ? ਇਸ ਦੇ ਜਵਾਬ ਵਿਚ ਰਾਏ ਨੇ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਵਲੋਂ ਉਪਲੱਬਧ ਕਰਵਾਈ ਗਈ ਸੂਚਨਾ ਮੁਤਾਬਕ ਜੰਮੂ-ਕਸ਼ਮੀਰ ਤੋਂ ਬਾਹਰ ਦੇ ਲੋਕਾਂ ਵਲੋਂ ਕੁੱਲ 7 ਪਲਾਟ ਖਰੀਦੇ ਗਏ ਹਨ। ਇਹ ਸਾਰੇ ਪਲਾਟ ਜੰਮੂ ਡਿਵੀਜ਼ਨ ਵਿਚ ਸਥਿਤ ਹਨ।
ਜ਼ਿਕਰਯੋਗ ਹੈ ਕਿ ਅਗਸਤ 2019 ’ਚ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ-370 ਦੀਆਂ ਵਿਵਸਥਾਵਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਸੂਬੇ ਦੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡ ਦਿੱਤਾ ਸੀ। ਜੰਮੂ-ਕਸ਼ਮੀਰ ਵਿਚ ਜਦੋਂ ਧਾਰਾ-370 ਲਾਗੂ ਸੀ ਤਾਂ ਉਦੋਂ ਦੂਜੇ ਸੂਬਿਆਂ ਦੇ ਲੋਕ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਸਨ। ਸਿਰਫ਼ ਸੂਬੇ ਦੇ ਲੋਕ ਹੀ ਉੱਥੇ ਜ਼ਮੀਨ ਖਰੀਦ ਸਕਦੇ ਸਨ। ਕੇਂਦਰ ਸਰਕਾਰ ਨੇ ਜਦੋਂ ਧਾਰਾ-370 ਖ਼ਤਮ ਕੀਤੀ ਸੀ ਤਾਂ ਇਸ ਕਾਨੂੰਨ ਨੂੰ ਸੂਬੇ ਦੇ ਵਿਕਾਸ ਵਿਚ ਸਭ ਤੋਂ ਵੱਡੀ ਰੁਕਾਵਟ ਮੰਨਿਆ। ਦਾਅਵਾ ਕੀਤਾ ਗਿਆ ਸੀ ਕਿ ਧਾਰਾ-370 ਦੇ ਰੱਦ ਹੋਣ ਤੋਂ ਬਾਅਦ ਸੂਬੇ ਦੇ ਬਾਹਰ ਦੇ ਲੋਕ ਵੀ ਇੱਥੇ ਜ਼ਮੀਨ ਖਰੀਦ ਸਕਣਗੇ ਅਤੇ ਉੱਥੇ ਨਿਵੇਸ਼ ਹੋ ਸਕੇਗਾ।