ਮੁੰਬਈ ’ਚ ਸਈਅਦ ਰਜ਼ਾ ਦੀ 2.50 ਕਰੋੜ ਦੀ ਪੇਂਟਿੰਗ ‘ਪ੍ਰਕਿਰਤੀ’ ਚੋਰੀ

Wednesday, Sep 11, 2024 - 07:59 PM (IST)

ਮੁੰਬਈ ’ਚ ਸਈਅਦ ਰਜ਼ਾ ਦੀ 2.50 ਕਰੋੜ ਦੀ ਪੇਂਟਿੰਗ ‘ਪ੍ਰਕਿਰਤੀ’ ਚੋਰੀ

ਮੁੰਬਈ, (ਭਾਸ਼ਾ)- ਦੱਖਣੀ ਮੁੰਬਈ ਦੇ ਇਕ ਗੋਦਾਮ ’ਚੋਂ ਮਸ਼ਹੂਰ ਕਲਾਕਾਰ ਸਈਅਦ ਹੈਦਰ ਰਜ਼ਾ ਦੀ 2.50 ਕਰੋੜ ਰੁਪਏ ਤੋਂ ਵੱਧ ਦੀ ਪੇਂਟਿੰਗ ਕਥਿਤ ਤੌਰ ’ਤੇ ਚੋਰੀ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਮ. ਆਰ. ਏ. ਮਾਰਗ ਸਥਿਤ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਸਿੱਧ ਚਿੱਤਰਕਾਰ ਵੱਲੋਂ 1992 ਵਿਚ ਬਣਾਈ ਗਈ ‘ਪ੍ਰਕਿਰਤੀ’ ਨਾਂ ਦੀ ਪੇਂਟਿੰਗ ਅਸਤਗੁਰੂ ਆਕਸ਼ਨ ਹਾਊਸ ਪ੍ਰਾਈਵੇਟ ਲਿਮਟਿਡ ਦੇ ਗੋਦਾਮ ਵਿਚੋਂ ਚੋਰੀ ਹੋ ਗਈ। ਪੁਲਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ।

ਆਪਣੇ ਕਰੀਅਰ ਦਾ ਜ਼ਿਆਦਾਤਰ ਸਮਾਂ ਫਰਾਂਸ ਵਿਚ ਬਿਤਾਉਣ ਵਾਲੇ ਰਜ਼ਾ ਦਾ 2016 ਵਿਚ 94 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਪੇਂਟਿੰਗ ਨੂੰ ਕੋਰੋਨਾ ਮਹਾਮਾਰੀ ਦੌਰਾਨ ਦੱਖਣੀ ਮੁੰਬਈ ਦੇ ਬੈਲਾਰਡ ਪਿਅਰ ਸਥਿਤ ਗੋਦਾਮ ਵਿਚ ਰੱਖਿਆ ਗਿਆ ਸੀ। ਪੇਂਟਿੰਗ ਆਖਰੀ ਵਾਰ ਮਾਰਚ, 2022 ਵਿਚ ਦੇਖੀ ਗਈ ਸੀ।

ਉਨ੍ਹਾਂ ਦੱਸਿਆ ਕਿ ਗੋਦਾਮ ਵਿਚ ਪੇਂਟਿੰਗ ਨਾ ਮਿਲਣ ਤੋਂ ਬਾਅਦ ਨਿਲਾਮੀ ਘਰ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਸਿਧਾਂਤ ਸ਼ੈੱਟੀ ਸ਼ਿਕਾਇਤ ਲੈ ਕੇ ਐੱਮ. ਆਰ. ਏ. ਮਾਰਗ ਸਥਿਤ ਪੁਲਸ ਸਟੇਸ਼ਨ ਪਹੁੰਚੇ। ਅਧਿਕਾਰੀ ਨੇ ਦੱਸਿਆ ਕਿ ਅਸੀਂ ਪੇਂਟਿੰਗ ਨੂੰ ਬਰਾਮਦ ਕਰਨ ਲਈ ਇਕ ਟੀਮ ਗਠਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਅਪਰਾਧੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।


author

Rakesh

Content Editor

Related News