ਪੀ. ਐੱਮ. ਮੋਦੀ ਦੇ ਦੌਰੇ ਮਗਰੋਂ ਮਾਲਦੀਵ ਵਲੋਂ ਭਾਰਤ ਨੂੰ ਮਿਲੀ ਚੰਗੀ ਖਬਰ

06/17/2019 11:16:10 AM

ਬੀਜਿੰਗ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਲਦੀਵ ਦੌਰੇ ਦੇ ਬਾਅਦ ਉੱਥੋਂ ਭਾਰਤ ਲਈ ਖੁਸ਼ਖਬਰੀ ਆਈ ਹੈ। ਸੂਤਰਾਂ ਮੁਤਾਬਕ ਮਾਲਦੀਵ ਅਤੇ ਚੀਨ ਵਿਚਕਾਰ ਹਿੰਦ ਮਹਾਸਾਗਰ 'ਚ ਆਬਜ਼ਾਵੇਟਰੀ ਬਣਾਏ ਜਾਣ ਦਾ ਸਮਝੌਤਾ ਟੁੱਟ ਸਕਦਾ ਹੈ। ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੀ ਅਗਵਾਈ 'ਚ ਮਾਲਦੀਵ ਦੀਆਂ ਚੀਨ ਨਾਲ ਨਜ਼ਦੀਕੀਆਂ ਵਧੀਆਂ ਸਨ , ਉਸ ਦੌਰਾਨ ਚੀਨ ਵਲੋਂ ਆਬਜ਼ਾਵੇਟਰੀ ਬਣਾਏ ਜਾਣ ਦੀ ਸੰਭਾਵਨਾ ਅਤੇ ਸਮਝੌਤਾ ਹੋਣ ਦੀ ਗੱਲ ਸਾਹਮਣੇ ਆਈ ਸੀ। ਹਾਲਾਂਕਿ ਸੱਤਾ ਬਦਲਣ ਅਤੇ ਰਾਸ਼ਟਰਪਤੀ ਇਬਰਾਹਿਮ ਸੋਲਿਹ ਦੇ ਅਹੁਦਾ ਸੰਭਾਲਣ ਮਗਰੋਂ ਇਹ ਰਿਸ਼ਤਾ ਫਿਰ ਤੋਂ ਖਟਾਸ 'ਚ ਆ ਗਿਆ ਹੈ ਕਿਉਂਕਿ ਮਾਲਦੀਵ ਹੁਣ ਫਿਰ ਤੋਂ ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਦਾ ਦਿਖਾਈ ਦੇ ਰਿਹਾ ਹੈ। 

ਸਥਾਨਕ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਸਾਲ 2017 'ਚ ਯਾਮੀਨ ਨੇ ਚੀਨ ਨਾਲ 'ਪ੍ਰੋਟੋਕੋਲ ਆਨ ਇਸਟੈਬਲਿਸ਼ਮੈਂਟ ਆਫ ਜੁਆਇੰਟ ਓਸ਼ਨ ਆਬਜ਼ਰਵੇਸ਼ਨ ਸਟੇਸ਼ਨ ਬਿਟਵੀਨ ਚਾਈਨਾ ਐਂਡ ਮਾਲਦੀਵ' ਨਾਮ ਦਾ ਸਮਝੌਤਾ ਕੀਤਾ ਸੀ। ਇਹ ਸਮਝੌਤਾ ਚੀਨ ਨੂੰ ਉੱਤਰ 'ਚ ਮਾਲਦੀਵ ਦੇ ਮਕੁਨੁਧੁ 'ਚ ਇਕ ਆਬਜ਼ਾਵੇਟਰੀ ਬਣਾਉਣ ਦੀ ਇਜਾਜ਼ਤ ਦੇਣ ਲਈ ਸੀ। ਇਸ ਕਾਰਨ ਭਾਰਤ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਸੀ, ਹਾਲਾਂਕਿ ਹੁਣ ਇਸ ਸਮਝੌਤੇ 'ਤੇ ਚਰਚਾ ਰੁਕ ਚੁੱਕੀ ਹੈ।

ਜੇਕਰ ਇਹ ਸਮਝੌਤਾ ਹੁੰਦਾ ਤਾਂ ਚੀਨੀਆਂ ਨੂੰ ਹਿੰਦ ਮਹਾਸਾਗਰ ਦੇ ਮਹੱਤਵਪੂਰਣ ਰਸਤੇ 'ਤੇ ਅਹਿਮ ਅੱਡਾ ਮਿਲ ਜਾਂਦਾ, ਜਿਸ ਰਾਹੀਂ ਕਈ ਵਪਾਰਕ ਅਤੇ ਦੂਜੇ ਜਹਾਜ਼ਾਂ ਦੀ ਆਵਾਜਾਈ ਹੁੰਦੀ ਹੈ। ਇਹ ਭਾਰਤ ਦੀ ਸਮੁੰਦਰੀ ਸਰਹੱਦ ਦੇ ਬਹੁਤ ਨੇੜੇ ਹੋਵੇਗਾ ਅਤੇ ਮਾਲਦੀਵ ਨਾਲ ਸਬੰਧਾਂ ਦੇ ਮੱਦੇਨਜ਼ਰ ਇਹ ਬਹੁਤ ਚੁਣੌਤੀਪੂਰਣ ਸਿੱਧ ਹੁੰਦਾ। ਇਸ ਸਮਝੌਤੇ ਨੂੰ ਲੈ ਕੇ ਯਾਮੀਨ ਸਰਕਾਰ ਨੇ ਕਦੇ ਪੁਸ਼ਟੀ ਨਹੀਂ ਕੀਤੀ, ਹਾਲਾਂਕਿ ਪਹਿਲੀ ਵਾਰ ਇਸ ਬਾਰੇ ਖਬਰ ਸਾਹਮਣੇ ਆਉਣ ਮਗਰੋਂ ਚੀਨ ਨੇ ਸਥਿਤੀ ਸਾਫ ਕਰਦੇ ਹੋਏ ਕਿਹਾ ਸੀ ਕਿ ਆਬਜ਼ਾਵੇਟਰੀ ਦੀ ਵਰਤੋਂ ਫੌਜੀ ਉਦੇਸ਼ਾਂ ਲਈ ਨਹੀਂ ਹੈ।


Related News