ਯੋਗ ਅਧਿਆਪਕਾਂ ਦੀ ਤਨਖਾਹ 'ਚ ਜਨਤਾ ਦੇ ਯੋਗਦਾਨ ਲਈ ਕੇਜਰੀਵਾਲ ਨੇ ਵਟਸਐੱਪ ਨੰਬਰ ਕੀਤਾ ਜਾਰੀ

Saturday, Nov 12, 2022 - 04:28 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ 'ਦਿੱਲੀ ਕੀ ਯੋਗਸ਼ਾਲਾ' ਪ੍ਰੋਗਰਾਮ ਦੇ ਤਹਿਤ ਯੋਗ ਅਧਿਆਪਕਾਂ ਦੀਆਂ ਤਨਖਾਹਾਂ 'ਚ ਲੋਕਾਂ ਦੇ ਯੋਗਦਾਨ ਲਈ ਸ਼ਨੀਵਾਰ ਨੂੰ ਇਕ ਵਟਸਐਪ ਨੰਬਰ ਜਾਰੀ ਕੀਤਾ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦੋਸ਼ ਲਾਇਆ ਕਿ ਕੌਮੀ ਰਾਜਧਾਨੀ 'ਚ ਆਮ ਆਦਮੀ ਪਾਰਟੀ (ਆਪ) ਵੱਲੋਂ ਚਲਾਈਆਂ ਜਾ ਰਹੀਆਂ ਯੋਗ ਕਲਾਸਾਂ ਅਤੇ ਹੋਰ ਸਕੀਮਾਂ ਨੂੰ ਬੰਦ ਕਰਕੇ ਲੈਫਟੀਨੈਂਟ ਗਵਰਨਰ ਵੀ.ਕੇ. ਸਕਸੈਨਾ ਅਤੇ ਭਾਜਪਾ ਦਿੱਲੀ ਵਾਸੀਆਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਜੋ ਯੋਗ ਟੀਚਰਾਂ ਦੀ ਤਨਖ਼ਾਹ 'ਚ ਯੋਗਦਾਨ ਪਾਉਣਾ ਚਾਹੁੰਦੇ ਹਨ, ਉਹ 7277972779 ਨੰਬਰ 'ਤੇ ਮੈਸੇਜ ਕਰਕੇ ਇਸ ਬਾਰੇ ਸੂਚਿਤ ਕਰਨ ਅਤੇ ਦੱਸ ਦੇਣ ਕਿ ਉਹ ਕਿੰਨੇ ਯੋਗ ਅਧਿਆਪਕਾਂ ਦੀ ਤਨਖਾਹ 'ਤੇ ਖਰਚ ਕਰਨਾ ਚਾਹੁੰਦੇ ਹਨ। 'ਦਿੱਲੀ ਕੀ ਯੋਗਸ਼ਾਲਾ' ਅਧੀਨ ਯੋਗ ਅਧਿਆਪਕਾਂ ਨੂੰ 15,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ।

PunjabKesari

ਮੁੱਖ ਮੰਤਰੀ ਨੇ ਕਿਹਾ,''ਜੋ ਕੋਈ ਵੀ ਤਨਖ਼ਾਹ ਦੀ ਅਦਾਇਗੀ 'ਚ ਮਦਦ ਕਰਨਾ ਚਾਹੁੰਦਾ ਹੈ, ਉਹ ਨੰਬਰ 'ਤੇ ਸੰਦੇਸ਼ ਭੇਜ ਕੇ ਦੱਸ ਸਕਦੇ ਹਨ ਕਿ ਉਹ ਇਕ ਜਾਂ 2 ਅਧਿਆਪਕਾਂ ਲਈ ਯੋਗਦਾਨ ਦੇਣਾ ਚਹੁੰਦੇ ਹਨ। ਫਿਰ ਉਨ੍ਹਾਂ ਅਧਿਆਪਕ/ਅਧਿਆਪਕਾ ਦੇ ਨਾਮ ਦੇਣਗੇ ਤਾਂ ਕਿ ਉਹ ਸਿੱਧੇ ਚੈੱਕ ਅਧਿਆਪਕ ਨੂੰ ਸੌਂਪ ਸਕਣ।'' ਉਨ੍ਹਾਂ ਕਿਹਾ ਕਿ ਤਨਖਾਹ ਲਈ ਯੋਗਦਾਨ 15000 ਦੇ ਗੁਣਾ 'ਚ ਹੋਣਾ ਚਾਹੀਦਾ। ਉੱਪ ਰਾਜਪਾਲ ਸਕਸੈਨਾ ਅਤੇ ਭਾਜਪਾ 'ਤੇ ਸਰਕਾਰ ਦੇ ਕਦਮਾਂ ਨੂੰ ਰੋਕਣ ਦਾ ਦੋਸ਼ ਲਗਾਉਂਦੇ ਹੋਏ ਕੇਜਰੀਵਾਲ ਨੇ ਕਿਹਾ,''ਜਦੋਂ ਉਨ੍ਹਾਂ ਨੇ ਯੋਗਸ਼ਾਲਾ ਰੋਕੀ ਤਾਂ ਉਹ ਬਹੁਤ ਤਕਲੀਫ਼ਦੇਹ ਸੀ। ਕਰੀਬ 17 ਹਜ਼ਾਰ ਲੋਕ ਉਨ੍ਹਾਂ ਜਮਾਤਾਂ 'ਚ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਲੋਕ ਅਧਿਆਪਕਾਂ ਦੀ ਤਨਖਾਹ ਦਾ ਭੁਗਤਾਨ ਨਹੀਂ ਕਰਨਗੇ। ਲੋਕਾਂ ਨੂੰ ਯੋਗ ਕਰਨ ਤੋਂ ਕੌਣ ਰੋਕ ਰਿਹਾ ਹੈ? ਇਹ ਪਾਪ ਹੈ।'' 'ਆਪ' ਸਰਕਾਰ ਨੇ ਇਕ ਨਵੰਬਰ ਨੂੰ ਦਾਅਵਾ ਕੀਤਾ ਸੀ ਕਿ ਉੱਪ ਰਾਜਪਾਲ ਨੇ 31 ਅਕਤੂਬਰ ਤੋਂ ਬਾਅਦ 'ਦਿੱਲੀ ਦੀ ਯੋਗਸ਼ਾਲਾ' ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਪਰ ਨਾਲ ਹੀ ਕਿਹਾ ਸੀ ਕਿ ਸਰਕਾਰ ਯਕੀਨੀ ਕਰੇਗੀ ਕਿ ਯੋਗ ਕਲਾਸਾਂ ਚੱਲਦੀਆਂ ਰਹਿਣ। ਉੱਪ ਰਾਜਪਾਲ ਸਕੱਤਰੇਤ ਦੇ ਸੂਤਰਾਂ ਨੇ ਦੱਸਿਆ ਕਿ ਸਕਸੈਨਾ ਦੇ ਦਫ਼ਤਰ ਨੂੰ 31 ਅਕਤੂਬਰ ਤੋਂ ਬਾਅਦ ਯੋਗਸ਼ਾਲਾ ਜਾਰੀ ਰੱਖਣ ਦੀ ਅਪੀਲ ਕਰਨ ਵਾਲੀ ਕੋਈ ਫ਼ਾਈਲ ਨਹੀਂ ਮਿਲੀ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News