ਬਾਬਾ ਸਾਹਿਬ ਨੇ ਜੋ ਸੋਚਿਆ ਸੀ, ਉਸ ਨੂੰ ਮੋਦੀ ਨੇ ਕਰ ਕੇ ਵਿਖਾਇਆ: ਅਨੁਰਾਗ
Saturday, Sep 17, 2022 - 11:09 AM (IST)
ਨਵੀਂ ਦਿੱਲੀ– ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਤ ਪੁਸਤਕ ‘ਅੰਬੇਡਕਰ ਐਂਡ ਮੋਦੀ : ਰਿਫਾਰਮਰਜ਼ ਆਈਡੀਆਜ਼ ਪ੍ਰਫਾਰਮਰਜ਼ ਇੰਪਲੀਮੈਂਟੇਸ਼ਨ’ ਨੂੰ ਰਿਲੀਜ਼ ਕੀਤਾ।ਕੋਵਿੰਦ ਨੇ ਡਾ. ਅੰਬੇਡਕਰ ਦੀ ਬਹੁਪੱਖੀ ਸ਼ਖਸੀਅਤ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਬਾਬਾ ਸਾਹਿਬ ਦੀ ਦੇਸ਼ ਦੀ ਬੈਂਕਿੰਗ, ਸਿੰਚਾਈ, ਬਿਜਲੀ ਵਿਵਸਥਾ, ਸਿੱਖਿਆ ਪ੍ਰਣਾਲੀ, ਮਜ਼ਦੂਰੀ ਪ੍ਰਬੰਧਨ, ਮਾਲੀਆ ਵੰਡ ਪ੍ਰਣਾਲੀ ਆਦਿ ਨਾਲ ਸਬੰਧਤ ਨੀਤੀਆਂ ਨੂੰ ਆਕਾਰ ਦੇਣ ’ਚ ਅਹਿਮ ਭੂਮਿਕਾ ਰਹੀ। ਉਨ੍ਹਾਂ ਦੀ ਸੋਚ ਅਤੇ ਪੀ. ਐੱਮ. ਮੋਦੀ ਦੀਆਂ ਨੀਤੀਆਂ ਵਿਚਕਾਰ ਸਮਾਨਤਾਵਾਂ ਦਾ ਵਰਣਨ ਕਰਦੇ ਹੋਏ ਕੋਵਿੰਦ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਬਾਬਾ ਸਾਹਿਬ ਦੇ ਵਿਚਾਰਾਂ ਦੀ ਪਾਲਣਾ ਕਰਦੀ ਹੈ।
ਸਰਕਾਰ ਦੇ ਬੁਨਿਆਦੀ ਦਰਸ਼ਨ ਬਾਰੇ ਦੱਸਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਬਣਾਉਣ ਤੋਂ ਬਾਅਦ ਸ਼ੁਰੂਆਤ ’ਚ ਹੀ ਪ੍ਰਧਾਨ ਮੰਤਰੀ ਨੇ ਅਨਸੂਚਿਤ ਜਾਤੀਆਂ ਅਤੇ ਸਮਾਜ ਦੇ ਵਾਂਝੇ ਵਰਗਾਂ ਲਈ ਸਮਰਪਿਤ ਰਹਿਣ ਦਾ ਐਲਾਨ ਕੀਤਾ ਸੀ ਤੇ ਉਸੇ ਸਮੇਂ ਤੋਂ ਸਰਕਾਰ ਦੇ ਕੰਮਾਂ ਤੇ ਨੀਤੀਆਂ ਨੇ ਅੰਤੋਦਿਆ ਮੁਤਾਬਕ ਕੰਮ ਕੀਤਾ ਹੈ। ਬਾਬਾ ਸਾਹਿਬ ਨੇ ਜੋ ਸੋਚਿਆ, ਉਸ ਨੂੰ ਮੋਦੀ ਨੇ ਕਰ ਕੇ ਵਿਖਾਇਆ। ਮੋਦੀ ਨੇ ਬਾਬਾ ਸਾਹਿਬ ਦੇ ਸੁਫ਼ਨਿਆਂ ਨੂੰ ਪੂਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਮੰਤਰ ‘ਬਹੁਜਨ ਹਿਤਾਯ, ਬਹੁਜਨ ਸੁਖਾਯ’ ਹਮੇਸ਼ਾ ਤੋਂ ਮੋਦੀ ਦੇ ਵਿਕਾਸ ਮਾਡਲ ਦੇ ਮੂਲ ’ਚ ਰਿਹਾ ਹੈ। ਇਹ ਪੁਸਤਕ ਮਹਾਨ ਸੁਧਾਰਕ ਬਾਬਾ ਸਾਹਿਬ ਅੰਬੇਡਕਰ ਦੇ ਉੱਚ ਵਿਚਾਰਾਂ ਤੇ ਦੂਰਦਰਸ਼ਿਤਾ ਦਾ ਸਿਰਫ ਸੰਗ੍ਰਹਿ ਹੀ ਨਹੀਂ ਹੈ, ਸਗੋਂ ਇਸ ਵਿਚ ਇਸ ਗੱਲ ਬਾਰੇ ਵੀ ਦੱਸਿਆ ਗਿਆ ਹੈ ਕਿ ਪਿਛਲੇ 8 ਸਾਲਾਂ ’ਚ ਪ੍ਰਧਾਨ ਮੰਤਰੀ ਨੇ ਉਨ੍ਹਾਂ ਵਿਚਾਰਾਂ ਨੂੰ ਕਿਵੇਂ ਲਾਗੂ ਕੀਤਾ ਹੈ। ਇਸ ਮੌਕੇ ਸਾਬਕਾ ਚੀਫ ਜਸਟਿਸ ਕੇ. ਜੀ. ਬਾਲਾਕ੍ਰਿਸ਼ਨਨ, ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ, ਬਲੂਕ੍ਰਾਫਟ ਡਿਜੀਟਲ ਫਾਊਂਡੇਸ਼ਨ ਦੇ ਡਾਇਰੈਕਟਰ ਹਿਤੇਸ਼ ਜੈਨ ਤੇ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।