ਆਰੂਸ਼ੀ-ਹੇਮਰਾਜ ਕਤਲ ਕੇਸ: ਤਲਵਾੜ ਜੋੜੇ ਨੂੰ ਜੇਲ ਤੋਂ ਮਿਲੀ ਰਿਹਾਈ

10/16/2017 5:51:28 PM

ਗਾਜ਼ੀਆਬਾਦ/ਨੋਇਡਾ— ਇੱਥੇ ਆਰੂਸ਼ੀ-ਹੇਮਰਾਜ ਕਤਲ ਕੇਸ 'ਚ ਇਲਾਹਾਬਾਦ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਤਲਵਾੜ ਜੋੜੇ ਜੇਲ ਤੋਂ ਰਿਹਾਅ ਹੋ ਗਿਆ। ਆਰੂਸ਼ੀ ਦੇ ਪਿਤਾ ਡਾਕਟਰ ਰਾਜੇਸ਼ ਤਲਵਾੜ ਅਤੇ ਮਾਂ ਡਾਕਟਰ ਨੂਪੁਰ ਤਲਵਾੜ ਨਵੰਬਰ 2013 ਤੋਂ ਗਾਜ਼ੀਆਬਾਦ ਦੀ ਡਾਸਨਾ ਜੇਲ 'ਚ ਬੰਦ ਸਨ। ਆਰੂਸ਼ੀ ਕਤਲਕਾਂ] 'ਚ ਵਿਸ਼ੇਸ਼ ਸੀ.ਬੀ.ਆਈ. ਨੇ ਦੋਹਾਂ ਨੂੰ ਸਜ਼ਾ ਸੁਣਾਈ ਸੀ ਪਰ ਹਾਈ ਕੋਰਟ ਨੇ ਸੀ.ਬੀ.ਆਈ. ਅਦਾਲਤ ਦਾ ਫੈਸਲਾ ਪਲਟ ਦਿੱਤਾ। ਮਈ 2008 'ਚ ਨੋਇਡਾ ਦੇ ਜਲਵਾਯੂ ਇਲਾਕੇ 'ਚ 14 ਸਾਲਾ ਆਰੂਸ਼ੀ ਦੀ ਲਾਸ਼ ਉਸ ਦੇ ਮਕਾਨ 'ਚ ਬਰਾਮਦ ਹੋਈ ਸੀ। ਸ਼ੁਰੂਆਤ 'ਚ ਸ਼ੱਕ ਦੀ ਸੂਈ ਨੌਕਰ ਹੇਮਰਾਜ ਵੱਲ ਗਈ ਪਰ 2 ਦਿਨ ਬਾਅਦ ਮਕਾਨ ਦੀ ਛੱਤ 'ਤੇ ਉਸ ਦੀ ਵੀ ਲਾਸ਼ ਬਰਾਮਦ ਕੀਤੀ ਗਈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਸੀ।

ਜ਼ਿਕਰਯੋਗ ਹੈ ਕਿ ਤਲਵਾੜ ਜੋੜੇ ਨੇ ਉਮਰ ਕੈਦ ਦੀ ਸਜ਼ਾ ਦੇ ਖਿਲਾਫ ਇਲਾਹਾਬਾਦ ਹਾਈ ਕੋਰਟ 'ਚ ਅਪੀਲ ਕੀਤੀ ਸੀ। 12 ਅਕਤੂਬਰ 2017 ਨੂੰ ਮਾਮਲੇ ਦੀ ਜਾਂਚ 'ਚ ਕਮੀਆਂ ਦੱਸਦੇ ਹੋਏ ਕੋਰਟ ਨੇ ਤਲਵਾੜ ਜੋੜੇ ਨੂੰ ਬਰੀ ਕਰ ਦਿੱਤਾ ਸੀ। ਹਾਈ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਆਰੂਸ਼ੀ ਨੂੰ ਮੰਮੀ-ਪਾਪਾ ਨੇ ਨਹੀਂ ਮਾਰਿਆ। ਕੋਰਟ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਸੁਪਰੀਮ ਕੋਰਟ ਵੀ ਇੰਨੀ ਕਠੋਰ ਸਜ਼ਾ ਨਹੀਂ ਦਿੰਦਾ ਹੈ। ਜਸਟਿਸ ਏ.ਕੇ. ਮਿਸ਼ਰਾ ਨੇ ਫੈਸਲਾ ਪੜ੍ਹ ਕੇ ਸੁਣਾਇਆ। ਦੂਜੇ ਪਾਸੇ ਜੇਲ 'ਚ ਬੰਦ ਤਲਵਾੜ ਜੋੜਾ ਫੈਸਲਾ ਸੁਣਨ ਤੋਂ ਬਾਅਦ ਭਾਵੁਕ ਹੋ ਗਿਆ ਅਤੇ ਉਨ੍ਹਾਂ ਨੇ ਇਕ-ਦੂਜੇ ਨੂੰ ਗਲੇ ਲਾ ਲਿਆ। ਕੋਰਟ ਨੇ ਕਿਹਾ ਕਿ ਸ਼ੱਕ ਦਾ ਲਾਭ ਦਿੰਦੇ ਹੋਏ ਤਲਵਾੜ ਜੋੜੇ ਨੂੰ ਰਿਹਾਅ ਕੀਤਾ ਜਾਂਦਾ ਹੈ। ਫੈਸਲਾ ਆਉਣ ਤੋਂ ਪਹਿਲਾਂ ਤਲਵਾੜ ਜੋੜਾ ਕਾਫੀ ਪਰੇਸ਼ਾਨ ਸੀ। ਜੇਲ 'ਚ ਬੰਦ ਰਾਜੇਸ਼ ਅਤੇ ਨੂਪੁਰ ਤਲਵਾੜ ਨੂੰ ਰਾਤ ਨੂੰ ਨੀਂਦ ਨਹੀਂ ਆਈ। ਦੋਹਾਂ ਨੇ ਸਵੇਰ ਦਾ ਨਾਸ਼ਤਾ ਵੀ ਨਹੀਂ ਕੀਤਾ ਸੀ। ਕਰੀਬ 9 ਸਾਲ ਪਹਿਲਾਂ ਨੋਇਡਾ ਦੇ ਸੈਕਟਰ-25 ਸਥਿਤ ਜਲਵਾਯੂ ਵਿਹਾਰ 'ਚ ਹੋਏ ਇਸ ਕਤਲ ਕੇਸ ਦੀ ਪੁਲਸ ਤੋਂ ਬਾਅਦ ਸੀ.ਬੀ.ਆਈ. ਦੀਆਂ 2 ਟੀਮਾਂ ਨੇ ਜਾਂਚ ਕੀਤੀ ਸੀ। ਗਾਜ਼ੀਆਬਾਦ ਸਥਿਤ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ 26 ਨਵੰਬਰ 2013 ਨੂੰ ਰਾਜੇਸ਼ ਅਤੇ ਨੂਪੁਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਕ ਦਿਨ ਪਹਿਲਾਂ ਇਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਤਲਵਾੜ ਜੋੜੇ ਦੀ ਪਟੀਸ਼ਨ 'ਤੇ ਜਸਟਿਸ ਬੀ.ਕੇ. ਨਾਰਾਇਣ ਅਤੇ ਜਸਟਿਸ ਏ.ਕੇ. ਮਿਸ਼ਰਾ ਦੀ ਬੈਂਚ ਨੇ 7 ਸਤੰਬਰ 2017 ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਫੈਸਲਾ ਸੁਣਾਉਣ ਦੀ ਤਾਰੀਕ 12 ਅਕਤੂਬਰ ਤੈਅ ਕੀਤੀ ਗਈ ਸੀ।


Related News