ਪੁਲਸ ਨਾਲ ਇਕੱਲੇ ਸੰਭਲ ਜਾਣ ਨੂੰ ਤਿਆਰ ਪਰ ਪ੍ਰਸ਼ਾਸਨ ਇਜਾਜ਼ਤ ਨਹੀਂ ਦੇ ਰਿਹਾ: ਰਾਹੁਲ
Wednesday, Dec 04, 2024 - 01:34 PM (IST)
ਗਾਜ਼ੀਆਬਾਦ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਇੱਥੇ ਗਾਜ਼ੀਪੁਰ ਬਾਰਡਰ 'ਤੇ ਰੋਕੇ ਜਾਣ ਤੋਂ ਬਾਅਦ ਕਿਹਾ ਕਿ ਉਹ ਇਕੱਲੇ ਪੁਲਸ ਨਾਲ ਜਾਣ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸੰਭਲ ਜਾਣ ਤੋਂ ਰੋਕਣਾ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਵਜੋਂ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੈ।
ਰਾਹੁਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸੰਭਲ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਪੁਲਸ ਇਨਕਾਰ ਕਰ ਰਹੀ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ, ਉੱਥੇ ਜਾਣਾ ਮੇਰਾ ਅਧਿਕਾਰ ਹੈ ਪਰ ਫਿਰ ਵੀ ਉਹ ਮੈਨੂੰ ਰੋਕ ਰਹੇ ਹਨ। ਇਹ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਮੇਰੇ ਅਧਿਕਾਰ ਦੇ ਵਿਰੁੱਧ ਹੈ। ਰਾਹੁਲ ਨੇ ਕਿਹਾ ਕਿ ਮੈਂ ਕਿਹਾ ਕਿ ਮੈਂ ਇਕੱਲਾ ਜਾਣ ਨੂੰ ਤਿਆਰ ਹਾਂ। ਪੁਲਸ ਨਾਲ ਜਾਣ ਨੂੰ ਤਿਆਰ ਹਾਂ ਪਰ ਉਹ ਵੀ ਗੱਲ ਨਹੀਂ ਮੰਨੀ ਅਤੇ ਹੁਣ ਕਹਿ ਰਹੇ ਹਨ ਕਿ ਕੁਝ ਦਿਨ ਬਾਅਦ ਉਹ ਸਾਨੂੰ ਜਾਣ ਦੇਣਗੇ। ਰਾਹੁਲ ਨੇ ਸੰਵਿਧਾਨ ਦੀ ਕਾਪੀ ਵਿਖਾਉਂਦੇ ਹੋਏ ਕਿਹਾ ਕਿ ਇਹ ਲੋਕਤੰਤਰ ਦੇ ਖਿਲਾਫ਼ ਹੈ।
ਰਾਹੁਲ ਨੇ ਕਿਹਾ ਕਿ ਅਸੀਂ ਸੰਭਲ ਜਾ ਕੇ ਵੇਖਣਾ ਚਾਹੁੰਦੇ ਹਾਂ ਕਿ ਉੱਥੇ ਕੀ ਹੋਇਆ। ਅਸੀਂ ਲੋਕਾਂ ਨੂੰ ਮਿਲਣਾ ਚਾਹੁੰਦੇ ਹਾਂ ਪਰ ਮੈਨੂੰ ਮੇਰੇ ਸੰਵਿਧਾਨਕ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਇਹ ਭਾਰਤ ਹੈ ਜੋ ਸੰਵਿਧਾਨ ਨੂੰ ਤਬਾਹ ਕਰ ਰਿਹਾ ਹੈ। ਭਾਰਤ ਹੀ ਅੰਬੇਡਕਰ ਜੀ ਦੇ ਸੰਵਿਧਾਨ ਨੂੰ ਢਾਹ ਲਾ ਰਿਹਾ ਹੈ। ਪਰ ਅਸੀਂ ਲੜਦੇ ਰਹਾਂਗੇ। ਰਾਹੁਲ ਦੇ ਨਾਲ ਮੌਕੇ 'ਤੇ ਮੌਜੂਦ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਸੰਸਦ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਰਾਹੁਲ ਨੂੰ ਰੋਕੇ ਜਾਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ, "ਸੰਭਲ 'ਚ ਜੋ ਵੀ ਹੋਇਆ, ਉਹ ਗਲਤ ਹੈ। ਰਾਹੁਲ ਜੀ ਵਿਰੋਧੀ ਧਿਰ ਦੇ ਨੇਤਾ ਹਨ। ਉਨ੍ਹਾਂ ਕੋਲ ਸੰਵਿਧਾਨਕ ਵਿਸ਼ੇਸ਼ ਅਧਿਕਾਰ ਹਨ ਜੋ ਬਾਕੀ ਲੋਕਾਂ ਨਾਲੋਂ ਵੱਖਰੇ ਹਨ। ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ।