ਤਿਆਰ ਹੈ ਇਕਦਮ ਨਵੀਆਂ ਕਲਪਨਾਵਾਂ ਘੜਨ ਵਾਲਾ AI ਵਿਗਿਆਨੀ

Sunday, Sep 01, 2024 - 09:48 AM (IST)

ਤਿਆਰ ਹੈ ਇਕਦਮ ਨਵੀਆਂ ਕਲਪਨਾਵਾਂ ਘੜਨ ਵਾਲਾ AI ਵਿਗਿਆਨੀ

ਨਵੀਂ ਦਿੱਲੀ (ਅਮਿਤ ਚੋਪੜਾ)- ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਵਾਲਾ ਵਿਗਿਆਨੀ ਤਿਆਰ ਹੈ। ਇਸ ਨੂੰ ਜਾਪਾਨ, ਕੈਨੇਡਾ ਅਤੇ ਬ੍ਰਿਟੇਨ ਦੇ ਮਸ਼ੀਨ ਲਰਨਿੰਗ ਖੋਜੀਆਂ ਨੇ ਮਿਲ ਕੇ ਤਿਆਰ ਕੀਤਾ ਹੈ। ਇਹ ਮਸ਼ੀਨੀ ਏ. ਆਈ. ਵਿਗਿਆਨੀ ਪੂਰੀ ਸਮਰੱਥਾ ਨਾਲ ਖੋਜ ਕਾਰਜ ਕਰ ਰਿਹਾ ਹੈ। ਟੋਕੀਓ ਦੀ ਕੰਪਨੀ ਸਕਾਨਾ ਏ. ਆਈ. ਅਤੇ ਕੈਨੇਡਾ ਤੇ ਬ੍ਰਿਟੇਨ ਦੀਆਂ ਅਕਾਦਮਿਕ ਲੈਬਾਂ ਨੇ ਵਿਗਿਆਨ ਦੀ ਦੁਨੀਆ ਦੇ ਇਸ ਪਹਿਲੇ ਮਸ਼ੀਨੀ ਵਿਗਿਆਨੀ ਨੂੰ ਤਿਆਰ ਕੀਤਾ ਹੈ। ਇਹ ਏ. ਆਈ. ਵਿਗਿਆਨੀ ਇਕਦਮ ਨਵੀਂ ਕਲਪਨਾ ਘੜ ਸਕਦਾ ਹੈ, ਉਨ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਸਕਦਾ ਹੈ, ਖੋਜ-ਪੱਤਰ ਤਿਆਰ ਕਰ ਸਕਦਾ ਹੈ ਅਤੇ ਇਕਦਮ ਨਵੀਂ ਦਿਸ਼ਾ ’ਚ ਖੋਜ ਕਰ ਸਕਦਾ ਹੈ। ਇਹ ਬਿਲਕੁਲ ਵੱਖਰੀ ਤਰ੍ਹਾਂ ਦੇ ਵਿਕਾਸ ਤੇ ਨਤੀਜਿਆਂ ’ਤੇ ਵੀ ਕੰਮ ਕਰ ਸਕਦਾ ਹੈ।

ਏ. ਆਈ. ਵਿਗਿਆਨੀ ਬਣਾਉਣ ’ਚ ਸਹਿਯੋਗ ਦੇਣ ਵਾਲੇ ਵੈਨਕੂਵਰ ਸਥਿਤ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਮਸ਼ੀਨ ਲਰਨਿੰਗ ਖੋਜੀ ਕੋਂਗ ਲੂ ਦਾ ਕਹਿਣਾ ਹੈ ਕਿ ਏ. ਆਈ. ਵਿਗਿਆਨੀ ਅਜੇ ਸਮੂਹਿਕ ਯਤਨਾਂ ਦਾ ਹਿੱਸਾ ਹੈ, ਜੋ ਕਿਸੇ ਖੋਜ ਵਿਚ ਆਟੋਮੈਟਿਕ ਢੰਗ ਨਾਲ ਮਦਦ ਕਰਦਾ ਹੈ। ਅਜੇ ਕੋਈ ਏ. ਆਈ. ਵਿਗਿਆਨੀ ਭਾਈਚਾਰੇ ਵਰਗੀ ਚੀਜ਼ ਨਹੀਂ ਬਣਾਈ ਗਈ। ਸਿਆਟਲ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਦੇ ਕੰਪਿਊਟੇਸ਼ਨਲ ਸੋਸ਼ਲ ਸਾਇੰਸ ਦੇ ਵਿਗਿਆਨੀ ਜੇਵਿਨ ਵੈਸਟ ਦਾ ਕਹਿਣਾ ਹੈ ਕਿ ਏ. ਆਈ. ਵਿਗਿਆਨੀ ਨੂੰ ਲੈ ਕੇ ‘ਏ. ਆਰ. ਐਕਸ. ਈਵ’ ’ਚ ਛਪੇ ਨਤੀਜੇ ਬਹੁਤ ਪ੍ਰਭਾਵਸ਼ਾਲੀ ਹਨ।

ਨਵੇਂ ਤਜਰਬੇ ਕਰਨ ਅਤੇ ਖੋਜ-ਪੱਤਰ ਤਿਆਰ ਕਰਨ ’ਚ ਸਮਰੱਥ

ਏ. ਆਈ. ਵਿਗਿਆਨੀ ਲਾਰਜ ਲੈਂਗੁਏਜ ਮਾਡਲ (ਐੱਲ. ਐੱਲ. ਐੱਮ.) ’ਤੇ ਆਧਾਰਤ ਹੈ। ਇਹ ਮਸ਼ੀਨ ਲਰਨਿੰਗ ਐਲਗੋਰਿਦਮ ਦੀ ਟੈਂਪਲੇਟ ਵਾਂਗ ਵਰਤੋਂ ਕਰਦੀ ਹੈ। ਖੋਜ ਟੀਮ ਨੇ ਇਸ ਨੂੰ ਇਕ ਨਵੀਂ ਤਕਨੀਕ ਨਾਲ ਜੋੜਿਆ ਹੈ, ਜਿਸ ਨੂੰ ਐਵੋਲਿਊਸ਼ਨਰੀ ਕੰਪਿਊਟੇਸ਼ਨ ਕਿਹਾ ਜਾਂਦਾ ਹੈ। ਇਹ ਤਕਨੀਕ ਡਾਰਵਿਨ ਦੇ ਕੁਦਰਤੀ ਕ੍ਰਮ ਵਿਕਾਸ ਦੇ ਸਿਧਾਂਤ ਤੋਂ ਪ੍ਰੇਰਿਤ ਹੈ। ਇਹ ਛੋਟੀਆਂ-ਛੋਟੀਆਂ ਤਬਦੀਲੀਆਂ ਤੋਂ ਸ਼ੁਰੂਆਤ ਕਰਦਾ ਹੈ ਅਤੇ ਅਜਿਹੀਆਂ ਤਬਦੀਲੀਆਂ ਦੀ ਚੋਣ ਕਰਦਾ ਹੈ, ਜੋ ਸਮਰੱਥਾ ਤੇ ਮੁਹਾਰਤ ਵਧਾਉਣ ’ਚ ਸਹਾਇਕ ਹੋਣ। ਅਖੀਰ ’ਚ ਇਹ ਸਾਰੀ ਪ੍ਰਕਿਰਿਆ ’ਤੇ ਇਕ ਖੋਜ-ਪੱਤਰ ਤਿਆਰ ਕਰਦਾ ਹੈ।

ਮਸ਼ੀਨ ਲਰਨਿੰਗ ਤੋਂ ਪਰ੍ਹੇ

ਖੋਜੀ ਲੂ ਏ. ਆਈ. ਵਿਗਿਆਨੀ ਦੀ ਮਨੁੱਖੀ ਵਿਗਿਆਨੀਆਂ ਨਾਲ ਤੁਲਨਾ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੀ ਸਮਰੱਥਾ ਮਸ਼ੀਨ ਲਰਨਿੰਗ ਤੋਂ ਪਰ੍ਹੇ ਹੈ। ਤੁਸੀਂ ਇਕੱਲੇ ਗਣਿਤ ਦੇ ਸਹਾਰੇ ਮਨੁੱਖੀ ਵਿਗਿਆਨੀਆਂ ਵਰਗੀ ਸਮਰੱਥਾ ਪੈਦਾ ਨਹੀਂ ਕਰ ਸਕਦੇ। ਇਸ ਦੇ ਲਈ ਕਈ ਅਜਿਹੀਆਂ ਤਕਨੀਕਾਂ ਵੀ ਲੱਭਣੀਆਂ ਪੈਣਗੀਆਂ ਜੋ ਕਿਸੇ ਵੀ ਲੈਂਗੁਏਜ ਮਾਡਲ ਨਾਲੋਂ ਵੱਖ ਹੋਣ।

ਵਿਗਿਆਨਕ ਸਮਾਜ ਦੀਆਂ ਪ੍ਰਤੀਕਿਰਿਆਵਾਂ

ਇਸ ਏ. ਆਈ. ਵਿਗਿਆਨੀ ਸਬੰਧੀ ‘ਹੈਕਰ’ ਨਿਊਜ਼ ਵੈੱਬਸਾਈਟ ’ਤੇ ਵਿਗਿਆਨਕ ਸਮਾਜ ਦੀਆਂ ਰਲਵੀਆਂ-ਮਿਲਵੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਨੇ ਕਿਹਾ ਹੈ ਕਿ ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ। ਇਹ ਏ. ਆਈ. ਵਿਗਿਆਨੀ ਕੁਝ ਤਜਰਬਿਆਂ ਤੋਂ ਬਾਅਦ ਖੁਦ ਨੂੰ ਰਿਪੀਟ ਕਰਨਾ ਸ਼ੁਰੂ ਕਰ ਦੇਵੇਗਾ, ਜਦਕਿ ਕੁਝ ਨੇ ਇਹ ਕਹਿ ਕੇ ਇਸ ਦਾ ਸਵਾਗਤ ਕੀਤਾ ਹੈ ਕਿ ਜਿਸ ਕੰਮ ਨੂੰ ਜਾਣਨ ਲਈ 5 ਘੰਟੇ ਤੋਂ ਵੱਧ ਦੇ ਅਧਿਐਨ ਦੀ ਲੋੜ ਪੈਂਦੀ ਹੈ, ਉਸ ਨੂੰ ਇਹ ਏ. ਆਈ. ਵਿਗਿਆਨੀ 5 ਮਿੰਟਾਂ ’ਚ ਦੱਸ ਕੇ ਹੋਰ ਵਿਗਿਆਨੀਆਂ ਦੇ ਕੰਮਾਂ ਵਿਚ ਮਦਦ ਕਰੇਗਾ।


author

Tanu

Content Editor

Related News