ਦਿੱਲੀ ਧਮਾਕਾ ਮਾਮਲੇ 'ਚ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ ; 'ਲਾਲ ਕਾਰ' ਪਾਰਕ ਕਰਨ ਵਾਲਾ ਆਇਆ ਅੜਿੱਕੇ
Thursday, Nov 13, 2025 - 01:29 PM (IST)
ਨੈਸ਼ਨਲ ਡੈਸਕ : ਦਿੱਲੀ ਦੇ ਲਾਲ ਕਿਲ੍ਹਾ ਨੇੜੇ ਹੋਏ ਆਈ-20 ਕਾਰ ਬੰਬ ਧਮਾਕੇ ਦੀ ਜਾਂਚ ਕਰ ਰਹੀਆਂ ਸੁਰੱਖਿਆ ਏਜੰਸੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਮਾਮਲੇ ਵਿੱਚ ਫਰੀਦਾਬਾਦ ਪੁਲਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਧਮਾਕੇ ਵਿੱਚ ਵਰਤੀ ਗਈ ਇੱਕ ਸਬੰਧਤ ਲਾਲ ਕਾਰ ਨੂੰ ਪਾਰਕ ਕੀਤਾ ਸੀ।
ਗ੍ਰਿਫ਼ਤਾਰ ਕੀਤੇ ਗਏ ਸ਼ਖ਼ਸ ਦੀ ਪਛਾਣ ਫਹੀਮ ਵਜੋਂ ਹੋਈ ਹੈ, ਜਿਸ ਨੂੰ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਖੰਡਾਵਲੀ ਪਿੰਡ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਸੂਤਰਾਂ ਅਨੁਸਾਰ, ਫਹੀਮ ਉਮਰ ਦਾ ਰਿਸ਼ਤੇਦਾਰ ਹੈ, ਜਿਸਨੇ ਲਾਲ ਕਿਲ੍ਹੇ ਕੋਲ ਹੋਏ ਅੱਤਵਾਦੀ ਬਲਾਸਟ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਫਹੀਮ ਨੂੰ ਲਾਲ EcoSport ਕਾਰ ਨੂੰ ਪਾਰਕ ਕਰਨ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ। ਇਸ EcoSport ਕਾਰ ਦੀ ਤਲਾਸ਼ੀ ਲਈ ਦਿੱਲੀ, ਹਰਿਆਣਾ ਅਤੇ ਯੂਪੀ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਖੰਡਾਵਲੀ ਪਿੰਡ ਵਿੱਚ ਮਿਲੀ।
ਤੀਜੀ ਕਾਰ ‘Brezza’ ਵੀ ਬਰਾਮਦ
ਇਸ ਜਾਂਚ ਵਿੱਚ ਕਾਰ ਕਨੈਕਸ਼ਨ ਦਾ ਖੁਲਾਸਾ ਹੋਇਆ ਹੈ। ਜਾਂਚ ਏਜੰਸੀਆਂ ਨੇ ਹੁਣ ਇਸ ਮਾਮਲੇ ਵਿੱਚ ਸ਼ਾਮਲ ਤੀਜੀ ਕਾਰ, Brezza, ਨੂੰ ਵੀ ਬਰਾਮਦ ਕਰ ਲਿਆ ਹੈ। ਇਸ ਤੋਂ ਪਹਿਲਾਂ, ਇੱਕ ਕਾਰ (i20) ਵਿੱਚ ਧਮਾਕਾ ਹੋਇਆ ਸੀ। ਏਜੰਸੀਆਂ ਦਾ ਮੰਨਣਾ ਹੈ ਕਿ ਇਸ ਅੱਤਵਾਦੀ ਮਾਡਿਊਲ ਦੀ ਅਸਲ ਸਾਜ਼ਿਸ਼ ਤਿੰਨ ਕਾਰਾਂ ਵਿੱਚ ਬੰਬ ਧਮਾਕਾ ਕਰਨ ਦੀ ਸੀ, ਪਰ ਇਸ ਤੋਂ ਪਹਿਲਾਂ ਹੀ ਇਸ ਦਾ ਪਰਦਾਫਾਸ਼ ਹੋ ਗਿਆ, ਹਾਲਾਂਕਿ ਉਮਰ ਇੱਕ ਧਮਾਕਾ ਕਰਨ ਵਿੱਚ ਕਾਮਯਾਬ ਰਿਹਾ।
ਰਿਸ਼ਤੇਦਾਰੀ ਨੂੰ ਲੈ ਕੇ ਸਖ਼ਤ ਪੁੱਛਗਿੱਛ:
ਸੁਰੱਖਿਆ ਏਜੰਸੀਆਂ ਫਹੀਮ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਉਹ ਵੀ ਕਿਸੇ ਹੋਰ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸੀ। ਉਸ ਕੋਲ ਕੋਈ ਵਿਸਫੋਟਕ ਸਮੱਗਰੀ ਤਾਂ ਨਹੀਂ ਹੈ, ਅਤੇ ਕੀ ਉਹ ਬਲਾਸਟ ਦੇ ਸਮੇਂ ਉਮਰ ਦੇ ਸੰਪਰਕ ਵਿੱਚ ਸੀ।
ਰਿਪੋਰਟਾਂ ਅਨੁਸਾਰ, i20 ਅਤੇ ਲਾਲ EcoSport ਕਾਰਾਂ ਦੇ ਮਾਲਕ ਵਜੋਂ ਦੇਵੇਂਦਰ ਨਾਮ ਦਾ ਵਿਅਕਤੀ ਸਾਹਮਣੇ ਆ ਰਿਹਾ ਹੈ। ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾ ਰਹੀਆਂ ਹਨ ਕਿ ਇਹ ਕਾਰ ਫਰੀਦਾਬਾਦ ਕਿਵੇਂ ਪਹੁੰਚੀ।
